ਅਮਰੀਕਾ 'ਚ ਇਕ ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ

Tuesday, Nov 12, 2019 - 01:45 PM (IST)

ਅਮਰੀਕਾ 'ਚ ਇਕ ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ

ਨਿਊਯਾਰਕ (ਰਾਜ ਗੋਗਨਾ): ਬੀਤੀ ਰਾਤ ਅਮਰੀਕਾ ਦੇ ਸੂਬੇ ਮਿਸੀਸਿੱਪੀ ਦੇ ਸ਼ਹਿਰ ਵਿਚ ਮੈਕਕੋਮਬ ਵਿਖੇ ਭਾਰਤੀ ਮੂਲ ਦੇ ਸਟੋਰ ਮਾਲਕ ਦੀ ਕੁਝ ਕਾਲੇ ਮੂਲ ਦੇ ਲੋਕਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਦੱਸਿਆ ਜਾਂਦਾ ਹੈ ਕਿ ਰਾਤ ਦੇ 10:00 ਵਜੇ ਦੇ ਕਰੀਬ ਤਿੰਨ ਕਾਲੇ ਮੂਲ ਦੇ ਇਹ ਲੋਕ ਸਟੋਰ ਵਿਚ ਲੁੱਟ ਦੀ ਨੀਅਤ ਨਾਲ ਦਾਖਲ ਹੋਏ ਅਤੇ ਹੁੱਲੜਬਾਜ਼ੀ ਕਰਨ ਲੱਗੇ। ਉੱਥੇ ਕੰਮ ਕਰਦੇ ਮੁਲਾਜ਼ਮ ਨੇ ਆਪਣੇ ਮਾਲਕ ਅਕਸ਼ਪ੍ਰੀਤ ਸਿੰਘ ਨੂੰ ਫੋਨ 'ਤੇ ਸਾਰੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਹੁੱਲੜਬਾਜ਼ੀ ਕਰਨ ਵਾਲਿਆਂ ਨੂੰ ਸਟੋਰ ਤੋਂ ਬਾਹਰ ਆ ਕਿ ਗੱਲ-ਬਾਤ ਕਰਨ ਲਈ ਕਿਹਾ।  

ਗੱਲ-ਬਾਤ ਦੌਰਾਨ ਉਹਨਾਂ ਦੀ ਆਪਸ ਵਿਚ ਤਕਰਾਰ ਹੋ ਗਈ ਅਤੇ ਉਹ ਹੱਥੋਪਾਈ ਹੋ ਗਏ। ਭਾਵੇਂ ਆਪਣੇ ਬਚਾਉ ਦੌਰਾਨ ਅਕਸ਼ਪ੍ਰੀਤ ਸਿੰਘ ਕੋਲ ਰੱਖਿਆ ਆਪਣਾ ਲਾਇਸੰਸੀ ਰਿਵਾਲਵਰ ਜ਼ਮੀਨ ਤੇ ਡਿੱਗ ਪਿਆ ਅਤੇ ਕਾਲੇ ਮੂਲ ਦੇ ਨੌਜਵਾਨ ਨੇ ਅਕਸ਼ਪ੍ਰੀਤ ਦੇ ਹੀ ਰਿਵਾਲਵਰ ਨਾਲ ਇਕ ਗੋਲੀ ਉਸ ਦੀ ਛਾਤੀ ਅਤੇ ਦੋ ਗੋਲੀਆਂ ਉਸ ਦੇ ਸਿਰ ਵਿਚ ਮਾਰੀਆਂ ਅਤੇ ਮੌਕੇ ਤੋਂ ਫਰਾਰ ਹੋ ਗਏ। ਅਕਸ਼ਪ੍ਰੀਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਅਕਸ਼ਪ੍ਰੀਤ ਸਿੰਘ ਆਪਣੇ ਪਿਤਾ ਬਖ਼ਸ਼ੀਸ਼ ਸਿੰਘ ਅਤੇ ਭਰਾ ਲਵਪ੍ਰੀਤ ਸਿੰਘ ਨਾਲ ਮਿਸੀਸਿੱਪੀ ਸੂਬੇ ਵਿਚ ਇਕੱਠੇ ਹੀ ਰਹਿੰਦਾ ਸੀ। ਤਿੰਨ ਕੁ ਸਾਲ ਪਹਿਲਾਂ ਹੀ ਉਹ ਅਮਰੀਕਾ ਆਇਆ ਸੀ। ਪੰਜਾਬ ਤੋਂ ਉਸ ਦਾ ਪਿਛੋਕੜ ਪਿੰਡ ਮੱਤੇਵਾਲ ਨਾਲ ਸੀ।


author

Vandana

Content Editor

Related News