ਨਿਊਯਾਰਕ 'ਚ ਓਸਾਮਾ ਦੀ ਤਲਾਸ਼ 'ਚ 10 ਸਾਲ ਚੱਲੀ ਮੁਹਿੰਮ 'ਤੇ ਪ੍ਰਦਰਸ਼ਨੀ ਆਯੋਜਿਤ

Thursday, Nov 14, 2019 - 03:21 PM (IST)

ਨਿਊਯਾਰਕ 'ਚ ਓਸਾਮਾ ਦੀ ਤਲਾਸ਼ 'ਚ 10 ਸਾਲ ਚੱਲੀ ਮੁਹਿੰਮ 'ਤੇ ਪ੍ਰਦਰਸ਼ਨੀ ਆਯੋਜਿਤ

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਵਿਚ 9/11 ਹਮਲੇ ਦੇ ਮਾਸਟਰ ਮਾਈਂਡ ਓਸਾਮਾ ਬਿਨ ਲਾਦੇਨ ਨੂੰ ਲੱਭਣ ਅਤੇ ਫਿਰ ਮਾਰਨ ਦੀ ਮੁਹਿੰਮ 'ਤੇ ਆਧਾਰਿਤ ਇਕ ਪ੍ਰਦਰਸ਼ਨੀ ਨਿਊਯਾਰਕ ਵਿਚ ਲਗਾਈ ਗਈ ਹੈ। ਇਸ ਵਿਚ ਪਾਕਿਸਤਾਨ ਦੇ ਉਸ ਬੰਗਲੇ ਦਾ ਮਾਡਲ ਵੀ ਹੈ ਜਿੱਥੇ ਓਸਾਮਾ ਰਹਿ ਰਿਹਾ ਸੀ। ਇਕ ਵੀਡੀਓ ਵੀ ਦਿਖਾਇਆ ਜਾ ਰਿਹਾ ਹੈ ਕਿ ਜਿਸ ਵਿਚ ਅਮਰੀਕਾ ਦੇ ਉਸ ਸਮੇਂ ਦੇ ਰਾਸ਼ਟਰਪਤੀ ਹਮਲੇ ਦੀ ਕਾਰਵਾਈ ਨੂੰ ਮਨਜ਼ੂਰੀ ਦੇਣ ਵਿਚ ਆਪਣੀ ਝਿਜਕ ਦਾ ਕਾਰਨ ਦੱਸ ਰਹੇ ਹਨ। 'ਰਿਵੀਲਡ : ਦੀ ਹੰਟ ਫੌਰ ਬਿਨ ਲਾਦੇਨ' ਪ੍ਰਦਰਸ਼ਨੀ ਸ਼ੁੱਕਰਵਾਰ ਨੂੰ ਨਿਊਯਾਰਕ ਵਿਚ 11 ਸਤੰਬਰ 2001 ਦੇ ਹਮਲਿਆਂ ਨਾਲ ਸਬੰਧਤ ਮਿਊਜ਼ੀਅਮ ਵਿਚ ਸ਼ੁਰੂ ਹੋਈ। ਇਹ ਪ੍ਰਦਰਸ਼ਨੀ 2021 ਤੱਕ ਚੱਲੇਗੀ।

PunjabKesari

ਇਸ ਵਿਚ ਓਸਾਮਾ ਦੀ 10 ਸਾਲ ਤੱਕ ਚੱਲੀ ਤਲਾਸ਼ ਦੀ ਮੁਹਿੰਮ ਸਬੰਧੀ ਤਸਵੀਰਾਂ ਹਨ। 9/11 ਮੈਮੋਰੀਅਲ ਮਿਊਜ਼ੀਅਮ ਦੀ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਐਲਿਸ ਗ੍ਰੀਨਵਾਲਡ ਨੇ ਦੱਸਿਆ,''ਛਾਪੇਮਾਰੀ ਦੀ ਕਾਰਵਾਈ ਕਿੰਝ ਹੋਈ ਸੀ, ਇਸ ਦੀ ਜਾਣਕਾਰੀ ਉਨ੍ਹਾਂ ਲੋਕਾਂ ਕੋਲੋਂ ਲਈ ਗਈ ਜਿਹੜੇ ਉਸ ਸਮੇਂ ਉੱਥੇ ਮੌਜੂਦ ਸਨ।'' ਅਮਰੀਕੀ ਖੁਫੀਆ ਏਜੰਸੀਆਂ ਦੇ ਕਮਾਂਡੋ ਨੇ 1 ਅਤੇ 2 ਮਈ 2011 ਦੀ ਵਿਚਲੀ ਰਾਤ ਨੂੰ ਆਪਰੇਸ਼ਨ ਜੇਰੋਨਿਮੋ ਦੇ ਤਹਿਤ ਬਿਨ ਲਾਦੇਨ ਦਾ ਖਾਤਮਾ ਕੀਤਾ ਸੀ। ਓਸਾਮਾ ਨੇ ਨਿਊਯਾਰਕ ਵਿਚ ਟਵਿਨ ਟਾਵਰ 'ਤੇ ਜਹਾਜ਼ਾਂ ਨਾਲ ਹਮਲਾ ਕੀਤਾ ਸੀ। ਇਸ ਹਮਲੇ ਵਿਚ 3,000 ਲੋਕ ਮਾਰੇ ਗਏ ਸਨ।  

PunjabKesari

ਪ੍ਰਦਰਸ਼ਨੀ ਵਿਚ ਕਰੀਬ 60 ਵਸਤਾਂ ਰੱਖੀਆਂ ਗਈਆਂ ਹਨ, ਜਿਨ੍ਹਾਂ ਵਿਚ ਕਈ ਅਜਿਹੀਆਂ ਹਨ ਜੋ ਪਾਕਿਸਤਾਨ ਦੇ ਉਸ ਘਰ ਵਿਚੋਂ ਬਰਾਮਦ ਕੀਤੀਆਂ ਗਈਆਂ ਹਨ ਜਿੱਥੇ ਓਸਾਮਾ ਰਹਿ ਰਿਹਾ ਸੀ। ਇਸ ਦੇ ਇਲਾਵਾ ਪ੍ਰਦਰਸ਼ਨੀ ਵਿਚ ਕਈ ਦਰਜਨ ਤਸਵੀਰਾਂ ਅਤੇ ਵੀਡੀਓਜ਼ ਵੀ ਹਨ। ਪ੍ਰਦਰਸ਼ਨੀ ਵਿਚ ਘਟਨਾਕ੍ਰਮ ਦੀ ਸ਼ੁਰੂਆਤ ਸਾਲ 2001 ਦੇ ਆਖਿਰ ਤੋਂ ਹੋਈ ਹੈ ਜਦੋਂ ਬਿਨ ਲਾਦੇਨ ਅਫਗਾਨਿਸਤਾਨ ਵਿਚ ਤੋਰਾ-ਬੋਰਾ ਦੀਆਂ ਪਹਾੜੀਆਂ ਤੋਂ ਲਾਪਤਾ ਹੋ ਜਾਂਦਾ ਹੈ, ਜਿਸ ਦੇ ਬਾਅਦ ਉਸ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ। ਇਸ ਵਿਚ ਦਿਖਾਇਆ ਗਿਆ ਹੈ ਕਿ ਕਿਵੇਂ ਸਾਲ 2010 ਵਿਚ ਪੇਸ਼ਾਵਰ ਵਿਚ ਬਿਨ ਲਾਦੇਨ ਦੇ ਮੈਸੇਂਜਰ ਅਬੂ ਅਹਿਮਦ ਅਲ ਕੁਵੈਤੀ ਅਤੇ ਉਸ ਦੀ ਜੀਪ ਬਾਰੇ ਪਤਾ ਚੱਲਦਾ ਹੈ। ਪ੍ਰਦਰਸ਼ਨੀ ਵਿਚ ਸੀਨੀਅਰ ਅਧਿਕਾਰੀਆਂ ਤੋਂ ਲੈ ਕੇ ਓਸਾਮਾ ਵਿਰੁੱਧ ਮੁਹਿੰਮ ਵਿਚ ਸ਼ਾਮਲ ਨੇਵੀ ਸੀਲ ਕਮਾਂਡੋ ਦੇ ਵੀ ਇੰਟਰਵਿਊਜ਼ ਹਨ।


author

Vandana

Content Editor

Related News