ਗੁਰਪਤਵੰਤ ਸਿੰਘ ਪੰਨੂ ਦੇ ਸ਼ੁਰੂ ਹੋਣ ਵਾਲੇ ਨੇ ਮਾੜੇ ਦਿਨ, ਅਮਰੀਕਾ ਨੇ ਪੰਨੂ ਨੂੰ ਆਪਣੀ ਹੱਦ ’ਚ ਰਹਿਣ ਲਈ ਕਿਹਾ
Friday, Feb 23, 2024 - 12:50 PM (IST)
ਗੁਰਦਾਸਪੁਰ (ਵਿਨੋਦ) : ਅਮਰੀਕਾ ਨੇ ਸਿੱਖਸ ਫਾਰ ਜਸਟਿਸ ਦੇ ਅਖੌਤੀ ਮੁਖੀ ਅਤੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੂੰ ਜਿਸ ਤਰ੍ਹਾਂ ਧਮਕੀ ਦਿੱਤੀ ਹੈ, ਉਸ ਤੋਂ ਸਾਫ਼ ਹੈ ਕਿ ਆਉਣ ਵਾਲੇ ਦਿਨ ਪੰਨੂ ਲਈ ਬਹੁਤ ਮਾੜੇ ਸਾਬਿਤ ਹੋਣਗੇ। ਅਮਰੀਕਾ ਦੇ ਉੱਪ-ਵਿਦੇਸ਼ ਮੰਤਰੀ ਰਿਚਰਡ ਵਰਮਾ ਨੇ ਕਿਹਾ ਕਿ ਜੇਕਰ ਭਾਰਤ ਵੱਲੋਂ ਅੱਤਵਾਦੀ ਐਲਾਨੇ ਗਏ ਪੰਨੂ ਨੇ ਆਪਣੀ ਹੱਦ ਪਾਰ ਕੀਤੀ ਤਾਂ ਉਸ ਅਤੇ ਉਸ ਦੇ ਆਗੂਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਭਾਰਤ ਦੌਰੇ 'ਤੇ ਆਏ ਰਿਚਰਡ ਵਰਮਾ ਨੇ ਇਕ ਇੰਟਰਵਿਊ ’ਚ ਕਿਹਾ ਕਿ ਸਾਰਿਆਂ ਨੂੰ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਕੰਮ ਕਰਨ ਦੀ ਲੋੜ ਹੈ। ਅਮਰੀਕਾ ਦੇ ਉੱਪ-ਵਿਦੇਸ਼ ਮੰਤਰੀ ਮੈਨੇਜਮੈਂਟ ਐਂਡ ਰਿਸੋਰਸਜ਼ ਨੇ ਕਿਹਾ, ਮੈਂ ਖਾਸ ਮਾਮਲਿਆਂ 'ਤੇ ਤਾਂ ਨਹੀਂ ਪਰ ਪੰਨੂ ਦੇ ਮਾਮਲੇ ’ਤੇ ਵਾਪਸ ਆਉਂਦਾ ਹੈਂ, ਸਾਰਿਆਂ ਨੂੰ ਕਾਨੂੰਨ ਦੇ ਅੰਦਰ ਰਹਿ ਕੇ ਕੰਮ ਕਰਨਾ ਹੋਵੇਗਾ। ਜੇਕਰ ਕੋਈ ਕਾਨੂੰਨ ਦੀਆਂ ਹੱਦਾਂ ਪਾਰ ਕਰਦਾ ਹੈ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਇੱਥੇ ਦੱਸ ਦੇਈਏ ਕਿ ਭਾਰਤ ਵਿੱਚ ਅਮਰੀਕਾ ਦੇ ਰਾਜਦੂਤ ਰਹੇ ਵਰਮਾ 19 ਤੋਂ 21 ਫਰਵਰੀ ਦਰਮਿਆਨ ਭਾਰਤ ਦੇ ਅਧਿਕਾਰਤ ਦੌਰੇ 'ਤੇ ਸਨ।
ਅਮਰੀਕਾ ਕਿਸੇ ਵੀ ਗਲਤ ਕਦਮ ਨੂੰ ਪ੍ਰਵਾਨ ਨਹੀਂ ਕਰੇਗਾ
ਜਦੋਂ ਵਰਮਾ ਨੂੰ ਪੁੱਛਿਆ ਗਿਆ ਕਿ ਅਮਰੀਕਾ ਖਾਲਿਸਤਾਨੀ ਵੱਖਵਾਦੀਆਂ ਵਿਰੁੱਧ ਕਾਰਵਾਈ ਕਿਉਂ ਨਹੀਂ ਕਰ ਰਿਹਾ, ਭਾਰਤੀਆਂ ਨੂੰ ਇਸ ਦਾ ਜਵਾਬ ਸਮਝਣਾ ਮੁਸ਼ਕਲ ਹੋ ਰਿਹਾ ਹੈ। ਇਸ ਗੱਲ ’ਤੇ ਵਰਮਾ ਨੇ ਕਿਹਾ ਕਿ ਅਮਰੀਕੀ ਸਰਕਾਰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨੂੰ ਬਰਦਾਸ਼ਤ ਨਹੀਂ ਕਰੇਗੀ, ਖਾਸ ਤੌਰ ’ਤੇ ਡਿਪਲੋਮੈਟਾਂ ਦੇ ਖਿਲਾਫ ਕਿਸੇ ਵੀ ਗਲਤ ਕਦਮ ਨੂੰ ਪ੍ਰਵਾਨ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਲੋਕ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੀ ਗੱਲ ਕਰਦੇ ਹਨ ਤਾਂ ਹਰ ਕਿਸੇ ਲਈ ਨਿਯਮ ਵੱਖਰੇ ਹੁੰਦੇ ਹਨ। ਕਿਸੇ ਵੀ ਡਿਪਲੋਮੈਟ ਦੇ ਵਿਰੁੱਧ ਪ੍ਰੇਸ਼ਾਨੀ ਪ੍ਰਵਾਨ ਨਹੀਂ ਕੀਤੀ ਜਾਵੇਗੀ। ਸਾਡੇ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਆਚਰਣ ਦੀ ਹੱਦ ਕੀ ਹੈ। ਅਸੀਂ ਅਜਿਹੀਆਂ ਹਰਕਤਾਂ ਖਿਲਾਫ ਸਖ਼ਤ ਕਾਰਵਾਈ ਕਰਾਂਗੇ ਅਤੇ ਅਮਰੀਕਾ ਨੇ ਪਹਿਲਾਂ ਵੀ ਅਜਿਹੀ ਕਾਰਵਾਈ ਕੀਤੀ ਹੈ।
ਪਿਛਲੇ ਸਾਲ ਭਾਰਤੀ ਦੂਤਘਰ ਨੂੰ ਅੱਗ ਲਾਉਣ ਦੀ ਕੀਤੀ ਗਈ ਸੀ ਕੋਸ਼ਿਸ਼
ਉਨ੍ਹਾਂ ਨੇ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਕਿਸੇ ਵੀ ਹਿੰਸਾ ਜਾਂ ਹਮਲੇ ’ਚ ਸ਼ਾਮਲ ਹੋਣ ਵਾਲਿਆਂ ਨੂੰ ਜਵਾਬਦੇਹ ਠਹਿਰਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਡੀ ਟੀਮ ਨੇ ਇਹ ਕੰਮ ਬਹੁਤ ਵਧੀਆ ਢੰਗ ਨਾਲ ਕੀਤਾ ਹੈ। ਅਮਰੀਕਾ ਵਿਚ ਸਾਰੇ ਭਾਰਤੀ ਡਿਪਲੋਮੈਟ ਪੂਰੀ ਤਰ੍ਹਾਂ ਸੁਰੱਖਿਅਤ ਹਨ। ਦੱਸ ਦੇਈਏ ਕਿ ਪਿਛਲੇ ਸਾਲ ਮਾਰਚ ’ਚ ਖਾਲਿਸਤਾਨੀ ਸਮਰਥਕਾਂ ਨੇ ਸਾਨ ਫਰਾਂਸਿਸਕੋ ਸਥਿਤ ਭਾਰਤੀ ਵਣਜ ਦੂਤਘਰ ’ਚ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋ ਕੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਸੀ। ਇਸ ਤੋਂ ਇਲਾਵਾ ਜੁਲਾਈ ਮਹੀਨੇ ’ਚ ਵੀ ਭਾਰਤੀ ਕੌਂਸਲੇਟ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਪਰ ਹੁਣ ਗੁਰਪਤਵੰਤ ਸਿੰਘ ਪੰਨੂ ਵਰਗੇ ਲੋਕਾਂ ਨੂੰ ਆਪਣੀ ਹੱਦ ਅੰਦਰ ਰਹਿਣ ਦੀ ਲੋੜ ਹੈ। ਵਿਚਾਰਾਂ ਦੀ ਆਜ਼ਾਦੀ ਦਾ ਮਤਲਬ ਕਾਨੂੰਨ ਨੂੰ ਆਪਣੇ ਹੱਥਾਂ ’ਚ ਲੈਣਾ ਨਹੀਂ ਹੈ।
ਇਹ ਵੀ ਪੜ੍ਹੋ : ਪੰਜਾਬੀ ਮੁਟਿਆਰ ਭੁਪਿੰਦਰਜੀਤ ਬਣੀ ਇਟਲੀ 'ਚ ਡਾਕਟਰ, ਦੇਸ਼ ਅਤੇ ਮਾਪਿਆਂ ਦਾ ਨਾਮ ਕੀਤਾ ਰੌਸ਼ਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।