ਕੈਂਸਰ ਪੀੜਤ ਬੱਚਿਆਂ ਦੀ ਖੁਸ਼ੀ ਲਈ ਇਹ ਮਹਿਲਾ ਬਣਾਉਂਦੀ ਹੈ ਗੁੱਡੀਆਂ
Sunday, Apr 07, 2019 - 02:06 PM (IST)

ਵਾਸ਼ਿੰਗਟਨ (ਬਿਊਰੋ)— ਅਮਰੀਕਾ ਦੇ ਸੂਬੇ ਵਿਸਕਾਨਸਿਨ ਦੀ ਰਹਿਣ ਵਾਲੀ ਐਮੀ ਜੈਂਡਰੀਸੇਵੀਟਜ਼ ਇਕ ਬਹੁਤ ਹੀ ਖੂਬਸੂਰਤ ਮਿਸ਼ਨ ਨਾਲ ਇਕ ਛੋਟੇ ਜਿਹੇ ਕਾਰੋਬਾਰ ਦੀ ਮਾਲਕਣ ਹੈ। ਆਪਣੇ ਗੁੱਡੀਆਂ ਬਣਾਉਣ ਦੇ ਹੁਨਰ ਨਾਲ ਐਮੀ ਕੈਂਸਰ ਪੀੜਤ ਬੱਚਿਆਂ ਦੇ ਚਿਹਰੇ 'ਤੇ ਮੁਸਕਾਨ ਲਿਆਉਣ ਦਾ ਕੰਮ ਕਰਦੀ ਹੈ। ਐਮੀ ਕੈਂਸਰ ਪੀੜਤ ਬੱਚਿਆਂ ਲਈ ਉਨ੍ਹਾਂ ਵਰਗੀਆਂ ਗੁੱਡੀਆਂ ਬਣਾ ਕੇ ਉਨ੍ਹਾਂ ਨੂੰ ਬੀਮਾਰੀ ਨਾਲ ਲੜਨ ਵਿਚ ਮਦਦ ਕਰ ਰਹੀ ਹੈ। ਐਮੀ ਚਾਹੁੰਦੀ ਹੈ ਕਿ ਇਨ੍ਹਾਂ ਬੱਚਿਆਂ ਨੂੰ ਇਕੱਲਾਪਨ ਮਹਿਸੂਸ ਨਾ ਹੋਵੇ ਅਤੇ ਸਰੀਰਕ ਕਮੀ ਉਨ੍ਹਾਂ ਨੂੰ ਦੁੱਖ ਨਾ ਪਹੁੰਚਾਏ।
ਐਮੀ ਦੀ ਬਣਾਈ ਗੁੱਡੀ ਬਿਲਕੁੱਲ ਉਂਝ ਦੀ ਦਿੱਸਦੀ ਹੈ ਜਿਸ ਤਰ੍ਹਾਂ ਦਾ ਬੱਚਾ ਦਿੱਸਦਾ ਹੈ। ਇਕ ਮੈਡੀਕਲ ਸਮਾਜਿਕ ਕਾਰਕੁੰਨ ਐਮੀ ਕੈਂਸਰ ਪੀੜਤ ਬੱਚਿਆਂ ਲਈ ਚਲਾਏ ਜਾ ਰਹੇ ਪਲੇਅ ਥੈਰੇਪੀ ਸੈਂਟਰ ਵਿਚ ਕੰਮ ਕਰਦੀ ਹੈ। ਐਮੀ ਮੁਤਾਬਕ ਉਸ ਨੇ ਕੈਂਸਰ ਪੀੜਤ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਦਰਦ ਨੂੰ ਕਰੀਬ ਨਾਲ ਦੇਖਿਆ ਹੈ।
ਐਮੀ ਨਾ ਸਿਰਫ ਕੈਂਸਰ ਪੀੜਤ ਸਗੋਂ ਅਪਾਹਜ ਬੱਚਿਆਂ ਲਈ ਵੀ ਗੁੱਡੀਆਂ ਬਣਾਉਂਦੀ ਹੈ। ਇਹ ਬੱਚੇ ਖੁਦ ਨੂੰ ਇਨ੍ਹਾਂ ਗੁੱਡੀਆਂ ਨਾਲ ਜੋੜ ਪਾਉਂਦੇ ਹਨ। ਉਨ੍ਹਾਂ ਨੇ 'ਏ ਡੌਲ ਲਾਈਕ ਮੀ' ਮੁਹਿੰਮ ਵੀ ਸ਼ੁਰੂ ਕੀਤੀ ਹੈ। ਐਮੀ ਮੁਤਾਬਕ ਕੁਝ ਸਾਲਾਂ ਤੱਕ ਕੈਂਸਰ ਪੀੜਤ ਕੁੜੀਆਂ ਨੂੰ ਉਨ੍ਹਾਂ ਜਿਹੀਆਂ ਗੁੱਡੀਆਂ ਦਿਖਾ ਕੇ ਥੈਰੇਪੀ ਕਰਵਾਈ ਗਈ ਤਾਂ ਪਤਾ ਚੱਲਿਆ ਕਿ ਉਨ੍ਹਾਂ ਦੀਆਂ ਸਕਰਾਤਮਕ ਭਾਵਨਾਵਾਂ ਵਿਚ ਵਾਧਾ ਹੋਇਆ ਹੈ। ਅਜਿਹੇ ਬੱਚਿਆਂ ਦਾ ਖੁਸ਼ ਰਹਿਣਾ ਬਹੁਤ ਜ਼ਰੂਰੀ ਹੈ। ਭਾਵੇਂਕਿ ਕੈਂਸਰ ਦੇ ਇਲਾਜ ਦੌਰਾਨ ਬੱਚਿਆਂ ਕੋਲ ਕੋਈ ਖਿਡੌਣਾ ਨਹੀਂ ਹੁੰਦਾ। ਉਨ੍ਹਾਂ ਦੇ ਵਾਲ ਝੜਨ ਲੱਗਦੇ ਹਨ। ਅਜਿਹੇ ਵਿਚ ਜੇਕਰ ਉਨ੍ਹਾਂ ਨੂੰ ਸਧਾਰਨ ਗੁੱਡੀਆਂ ਦਿੱਤੀਆਂ ਜਾਣ ਤਾਂ ਉਨ੍ਹਾਂ ਵਿਚ ਹੀਨ ਭਾਵਨਾ ਪੈਦਾ ਹੋਣ ਲੱਗਦੀ ਹੈ। ਪਰ ਜੇਕਰ ਉਨ੍ਹਾਂ ਵਰਗੀ ਗੁੱਡੀ ਦਿੱਤੀ ਜਾਵੇ ਤਾਂ ਉਹ ਥੈਰੇਪੀ ਦਾ ਕੰਮ ਕਰਦੀ ਹੈ।
ਤਿੰਨ ਬੱਚਿਆਂ ਦੀ ਮਾਂ ਐਮੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਚਾਰ ਸਾਲਾਂ ਵਿਚ 300 ਗੁੱਡੀਆਂ ਬਣਾਈਆਂ ਹਨ। ਮਾਂ ਹੋਣ ਕਾਰਨ ਉਸ ਕੋਲ ਗੁੱਡੀਆਂ ਬਣਾਉਣ ਲਈ ਜ਼ਿਆਦਾ ਸਮਾਂ ਨਹੀਂ ਹੁੰਦਾ ਜਿਸ ਕਾਰਨ ਕਈ ਵਾਰ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਲੰਬਾ ਇੰਤਜ਼ਾਰ ਕਰਨਾ ਪੈਂਦਾ ਹੈ। ਐਮੀ ਵੱਲੋਂ ਬਣਾਈ ਇਕ ਗੁੱਡੀ ਦੀ ਕੀਮਤ 6000 ਤੋਂ 7,000 ਰੁਪਏ ਤੱਕ ਲੈਂਦੀ ਹੈ। ਜਿਹੜੇ ਮਾਤਾ-ਪਿਤਾ ਆਪਣੇ ਬੱਚਿਆਂ ਲਈ ਗੁੱਡੀ ਬਣਵਾਉਣ ਵਿਚ ਅਸਮਰੱਥ ਹੁੰਦੇ ਹਨ ਉਨ੍ਹਾਂ ਲਈ ਐਮੀ ਫੰਡ ਇਕੱਠਾ ਕਰਦੀ ਹੈ। ਹੁਣ ਤੱਕ ਉਹ ਕਰੀਬ ਸਾਢੇ 3 ਲੱਖ ਰੁਪਏ ਇਕੱਠੇ ਕਰ ਚੁੱਕੀ ਹੈ।