ਅਮਰੀਕਾ ਅਤੇ ਈਰਾਨ ਨੇ ਕਿਹਾ- ''ਅਸੀਂ ਨਹੀਂ ਚਾਹੁੰਦੇ ਯੁੱਧ''

Wednesday, Jun 19, 2019 - 11:34 AM (IST)

ਅਮਰੀਕਾ ਅਤੇ ਈਰਾਨ ਨੇ ਕਿਹਾ- ''ਅਸੀਂ ਨਹੀਂ ਚਾਹੁੰਦੇ ਯੁੱਧ''

ਵਾਸ਼ਿੰਗਟਨ (ਭਾਸ਼ਾ)— ਫਾਰਸ ਦੀ ਖਾੜੀ ਵਿਚ ਵੱਧਦੇ ਤਣਾਅ ਵਿਚ ਅਮਰੀਕਾ ਅਤੇ ਈਰਾਨ ਦੋਹਾਂ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਯੁੱਧ ਨਹੀਂ ਚਾਹੁੰਦੇ। ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਦੇਸ਼ ਕਿਸੇ ਵੀ ਹਮਲੇ ਦਾ ਕਰਾਰਾ ਜਵਾਬ ਦੇਵੇਗਾ। ਫਲੋਰੀਡਾ ਵਿਚ ਪ੍ਰਚਾਰ ਮੁਹਿੰਮ ਲਈ ਰਵਾਨਾ ਹੋਣ ਤੋਂ ਪਹਿਲਾਂ ਟਰੰਪ ਨੇ ਵ੍ਹਾਈਟ ਹਾਊਸ ਵਿਚ ਪੱਤਰਕਾਰਾਂ ਨੂੰ ਕਿਹਾ,''ਈਰਾਨ ਨਾਲ ਕਾਫੀ ਕੁਝ ਚੱਲ ਰਿਹਾ ਹੈ। ਦੇਖਣਯੋਗ ਹੈ ਕੀ ਹੁੰਦਾ ਹੈ। ਮੈਂ ਸਿਰਫ ਇੰਨਾ ਕਹਿ ਸਕਦਾ ਹਾਂ ਕਿ ਅਸੀਂ ਪੂਰੀ ਤਰ੍ਹਾਂ ਨਾਲ ਤਿਆਰ ਹਾਂ।'' ਗੌਰਤਲਬ ਹੈ ਕਿ ਟਰੰਪ ਦੀ ਇਸ ਟਿੱਪਣੀ ਤੋਂ ਕੁਝ ਘੰਟੇ ਪਹਿਲਾਂ ਹੀ ਉਨ੍ਹਾਂ ਦੇ ਕਾਰਜਕਾਰੀ ਰੱਖਿਆ ਮੰਤਰੀ ਪ੍ਰੈਟ੍ਰਿਕ ਸ਼ਾਨਹਾਨ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।

ਫਲੋਰੀਡਾ ਸਥਿਤ ਅਮਰੀਕੀ ਕੇਂਦਰੀ ਕਮਾਂਡ ਦਾ ਮੰਗਲਵਾਰ ਨੂੰ ਦੌਰਾ ਕਰਨ ਦੇ ਬਾਅਦ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਕਿਹਾ,''ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਈਰਾਨ ਵੱਲੋਂ ਉਤਪੰਨ ਕਿਸੇ ਵੀ ਚੁਣੌਤੀ ਨਾਲ ਨਜਿੱਠਣ ਲਈ ਅਮਰੀਕਾ ਸਾਰੇ ਲੋੜੀਂਦੇ ਕਦਮ ਚੁੱਕ ਰਿਹਾ ਹੈ।'' ਉਨ੍ਹਾਂ ਨੇ ਕਿਹਾ ਕਿ ਈਰਾਨ ਵੱਲੋਂ ਅਮਰੀਕੀ ਹਿੱਤਾਂ ਨੂੰ ਨੁਕਸਾਨ ਪਹੁੰਚਾਏ ਜਾਣ ਜਾਂ ਅੰਤਰਰਾਸ਼ਟਰੀ ਸ਼ਿੰਪਿੰਗ ਰੂਟਾਂ ਵਿਚ ਮੁਸ਼ਕਲਾਂ ਪੈਦਾ ਹੋਣ ਦੀ ਸਥਿਤੀ ਵਿਚ ਉਨ੍ਹਾਂ ਨਾਲ ਨਜਿੱਠਣ ਲਈ ਅਮਰੀਕਾ ਤਿਆਰ ਹੈ। ਵਿਦੇਸ਼ ਮੰਤਰੀ ਨੇ ਕਿਹਾ,''ਟਰੰਪ ਸਿਰਫ ਈਰਾਨੀ ਖਤਰੇ ਤੋਂ ਬਚਾਅ ਯਕੀਨੀ ਕਰਨਾ ਚਾਹੁੰਦੇ ਹਨ। ਉਹ ਕੋਈ ਯੁੱਧ ਨਹੀਂ ਚਾਹੁੰਦੇ ਅਤੇ ਅਸੀਂ ਇਹ ਸੰਦੇਸ਼ ਦੇਣਾ ਜਾਰੀ ਰਖਾਂਗੇ।''

ਉੱਧਰ ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਦਾ ਕਹਿਣਾ ਹੈ,''ਅਸੀਂ ਕਿਸੇ ਵੀ ਦੇਸ਼ ਨਾਲ ਯੁੱਧ ਨਹੀਂ ਛੇੜਾਂਗੇ ਪਰ ਈਰਾਨ ਦੇ ਲੋਕ ਅਮਰੀਕਾ ਦੇ ਦਬਾਅ ਅਤੇ ਖੇਤਰ ਵਿਚ ਅਸਥਿਰਤਾ ਵਿਰੁੱਧ ਜ਼ਰੂਰ ਖੜ੍ਹੇ ਹੋਣਗੇ।''


author

Vandana

Content Editor

Related News