ਓਂਟਾਰੀਓ 'ਚ ਕੋਰੋਨਾ ਦੇ ਗੜ੍ਹ ਬਣੇ ਖੇਤਰਾਂ 'ਚ ਤੇਜ਼ ਹੋਵੇਗੀ ਟੀਕਾਕਰਨ ਮੁਹਿੰਮ

Wednesday, Jan 06, 2021 - 11:52 AM (IST)

ਓਂਟਾਰੀਓ 'ਚ ਕੋਰੋਨਾ ਦੇ ਗੜ੍ਹ ਬਣੇ ਖੇਤਰਾਂ 'ਚ ਤੇਜ਼ ਹੋਵੇਗੀ ਟੀਕਾਕਰਨ ਮੁਹਿੰਮ

ਓਟਾਵਾ- ਓਂਟਾਰੀਓ ਸਰਕਾਰ ਦਾ ਟੀਚਾ ਹੈ ਕਿ ਕੋਰੋਨਾ ਦਾ ਗੜ੍ਹ ਬਣੇ ਟੋਰਾਂਟੋ, ਪੀਲ, ਯਾਰਕ ਅਤੇ ਵਿੰਡਸਰ-ਅਸੈਕਸ ਦੇ ਸਾਰੇ ਲਾਂਗ ਟਰਮ ਕੇਅਰ ਸੈਂਟਰਾਂ ਵਿਚ ਜਲਦੀ ਹੀ ਕੋਰੋਨਾ ਟੀਕਾਕਰਨ ਮੁਹਿੰਮ ਨੂੰ ਪੂਰਾ ਕਰ ਲਿਆ ਜਾਵੇ। ਅਧਿਕਾਰੀਆਂ ਨੂੰ ਆਸ ਹੈ ਕਿ ਇੱਥੇ ਰਹਿਣ ਵਾਲੇ ਸਾਰੇ ਲੋਕਾਂ, ਸਿਹਤ ਸੰਭਾਲ ਕਾਮਿਆਂ ਅਤੇ ਹੋਰ ਸਟਾਫ਼ ਨੂੰ 21 ਜਨਵਰੀ ਤੋਂ ਪਹਿਲਾਂ ਕੋਰੋਨਾ ਤੋਂ ਬਚਾਅ ਲਈ ਟੀਕਾ ਲਾਇਆ ਜਾ ਸਕਦਾ ਹੈ। ਹੁਣ ਤੱਕ ਸੂਬੇ ਵਿਚ 50 ਹਜ਼ਾਰ ਲੋਕਾਂ ਨੂੰ ਕੋਰੋਨਾ ਦਾ ਟੀਕਾ ਲਗਾਇਆ ਜਾ ਚੁੱਕਾ ਹੈ। ਕੁੱਝ ਸਿਹਤ ਕਾਮਿਆਂ ਨੂੰ ਕੋਰੋਨਾ ਦੇ ਟੀਕੇ ਦੀ ਦੂਜੀ ਖੁਰਾਕ ਵੀ ਦੇ ਦਿੱਤੀ ਗਈ ਹੈ ਅਤੇ ਕੁਝ ਨੂੰ ਇਸ ਹਫ਼ਤੇ ਮਿਲਣ ਜਾ ਰਹੀ ਹੈ। 

ਦੱਸ ਦਈਏ ਕਿ ਫਾਈਜ਼ਰ-ਬਾਇਐਨਟੈਕ ਅਤੇ ਮੋਡੇਰਨਾ ਦੀਆਂ ਦੋਵੇਂ ਖੁਰਾਕਾਂ 21 ਅਤੇ 28 ਦਿਨਾਂ ਵਿਚਕਾਰ ਲਗਾਈਆਂ ਜਾਂਦੀਆਂ ਹਨ। ਸਰਕਾਰ ਦਾ ਕਹਿਣਾ ਹੈ ਕਿ 3 ਜਨਵਰੀ ਤੱਕ 24 ਲਾਂਗ ਟਰਮ ਕੇਅਰ ਹੋਮਜ਼ ਨੂੰ ਕੋਰੋਨਾ ਟੀਕਿਆਂ ਦੀਆਂ 3000 ਖੁਰਾਕਾਂ ਭੇਜੀਆਂ ਜਾ ਚੁੱਕੀਆਂ ਹਨ ਤੇ 6 ਜਨਵਰੀ ਤੱਕ 4000 ਹੋਰ ਖੁਰਾਕਾਂ ਭੇਜੀਆਂ ਜਾਣਗੀਆਂ। ਸੂਬੇ ਨੇ ਮੋਡੇਰਨਾ ਦੀ ਕੋਰੋਨਾ ਵੈਕਸੀਨ ਦੀਆਂ 53,000 ਖੁਰਾਕਾਂ 30 ਦਸੰਬਰ ਨੂੰ ਹਾਸਲ ਕਰ ਲਈਆਂ ਸਨ।

 
ਫਾਈਜ਼ਰ-ਬਾਇਐਨਟੈਕ ਵੀ ਓਂਟਾਰੀਓ ਨੂੰ ਕੋਰੋਨਾ ਟੀਕੇ ਦੀਆਂ  95 ਹਜ਼ਾਰ ਖੁਰਾਕਾਂ ਭੇਜ ਚੁੱਕਾ ਹੈ। ਅੱਗੇ ਤੋਂ ਵੀ ਸੂਬੇ ਨੂੰ ਕੋਰੋਨਾ ਦੀਆਂ ਖੁਰਾਕਾਂ ਮਿਲਦੀਆਂ ਰਹਿਣਗੀਆਂ ਤੇ ਕੋਰੋਨਾ ਟੀਕਾਕਰਨ ਮੁਹਿੰਮ ਚੱਲਦੀ ਰਹੇਗੀ। ਦੱਸ ਦਈਏ ਕਿ ਬੀਤੇ ਦਿਨੀਂ ਸੂਬੇ ਦੇ ਮੁੱਖ ਮੰਤਰੀ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਸੂਬੇ ਵਿਚ ਟੀਕਾਕਰਨ ਮੁਹਿੰਮ ਬਹੁਤ ਹੌਲੀ ਚੱਲ ਰਹੀ ਹੈ। 


author

Lalita Mam

Content Editor

Related News