ਕੋਟਾ ਪ੍ਰਣਾਲੀ ਨੂੰ ਲੈ ਕੇ ਉਬਲ ਰਿਹਾ ਗੁਆਂਢੀ ਬੰਗਲਾਦੇਸ਼
Saturday, Jul 20, 2024 - 11:09 PM (IST)

ਢਾਕਾ, (ਭਾਸ਼ਾ)- ਬੰਗਲਾਦੇਸ਼ ’ਚ ਸਰਕਾਰੀ ਨੌਕਰੀਆਂ ’ਚ ਰਾਖਵੇਂਕਰਨ ਨੂੰ ਲੈ ਕੇ ਭੜਕੀ ਹਿੰਸਾ ਤੋਂ ਕੁਝ ਦਿਨ ਬਾਅਦ ਸ਼ਨੀਵਾਰ ਪੂਰੇ ਦੇਸ਼ ’ਚ ਸਖ਼ਤ ਕਰਫਿਊ ਲਾ ਦਿੱਤਾ ਗਿਆ। ਰਾਸ਼ਟਰੀ ਰਾਜਧਾਨੀ ਢਾਕਾ ਦੇ ਵੱਖ-ਵੱਖ ਹਿੱਸਿਆਂ ’ਚ ਫੌਜ ਨੇ ਗਸ਼ਤ ਕੀਤੀ।
ਅਧਿਕਾਰੀਆਂ ਨੇ ਮੋਬਾਈਲ ਤੇ ਇੰਟਰਨੈੱਟ ਸੇਵਾਵਾਂ ’ਤੇ ਪਾਬੰਦੀ ਲਾ ਦਿੱਤੀ ਹੈ। ਕੁਝ ਟੈਲੀਵਿਜ਼ਨ ਨਿਊਜ਼ ਚੈਨਲਾਂ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ ਹੈ। ਵਧੇਰੇ ਬੰਗਲਾਦੇਸ਼ੀ ਅਖਬਾਰਾਂ ਦੀਆਂ ਵੈੱਬਸਾਈਟਾਂ ਨਹੀਂ ਖੁੱਲ੍ਹ ਰਹੀਆਂ।
ਮਰਨ ਵਾਲੇ ਵਿਅਕਤੀਆਂ ਦੀ ਗਿਣਤੀ ਦੀ ਪੁਸ਼ਟੀ ਕਰਨ ਲਈ ਅਧਿਕਾਰੀਆਂ ਨਾਲ ਰਾਤ ਤੱਕ ਸੰਪਰਕ ਨਹੀਂ ਹੋ ਸਕਿਆ ਸੀ ਪਰ ਅੰਦਾਜ਼ਾ ਹੈ ਕਿ ਹੁਣ ਤੱਕ 115 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਤੇ 2,500 ਜ਼ਖਮੀ ਹੋਏ ਹਨ।
ਅੱਧੀ ਰਾਤ ਤੋਂ ਬਾਅਦ ਪੂਰੇ ਦੇਸ਼ ’ਚ ਕਰਫਿਊ ਲਾਗੂ ਹੋ ਗਿਆ। ਪ੍ਰਦਰਸ਼ਨਕਾਰੀ ਉਸ ਪ੍ਰਣਾਲੀ ਨੂੰ ਖਤਮ ਕਰਨ ਦੀ ਮੰਗ ਕਰ ਰਹੇ ਹਨ ਜਿਸ ਅਧੀਨ 1971 ਵਿਚ ਪਾਕਿਸਤਾਨ ਵਿਰੁੱਧ ਬੰਗਲਾਦੇਸ਼ ਦੀ ਆਜ਼ਾਦੀ ਦੀ ਲੜਾਈ ’ਚ ਲੜਨ ਵਾਲੇ ਸਾਬਕਾ ਫੌਜੀਆਂ ਦੇ ਰਿਸ਼ਤੇਦਾਰਾਂ ਨੂੰ ਸਰਕਾਰੀ ਨੌਕਰੀਆਂ ’ਚ 30 ਫੀਸਦੀ ਤੱਕ ਰਾਖਵਾਂਕਰਨ ਦਿੱਤਾ ਜਾਂਦਾ ਹੈ। ਵਿਦਿਆਰਥੀ ਚਾਹੁੰਦੇ ਹਨ ਕਿ ਇਸ ਨੂੰ ਮੈਰਿਟ ਅਧਾਰਤ ਪ੍ਰਣਾਲੀ ’ਚ ਬਦਲਿਆ ਜਾਵੇ।
978 ਭਾਰਤੀ ਵਿਦਿਆਰਥੀ ਆਪਣੇ ਘਰਾਂ ਨੂੰ ਪਰਤੇ
ਸ਼ਿਲਾਂਗ : ਬੰਗਲਾਦੇਸ਼ ’ਚ ਚੱਲ ਰਹੀ ਹਿੰਸਾ ਦਰਮਿਆਨ ਭਾਰਤ, ਨੇਪਾਲ ਤੇ ਭੂਟਾਨ ਦੇ ਕਈ ਨਾਗਰਿਕ ਮੇਘਾਲਿਆ ਪਹੁੰਚ ਗਏ ਹਨ। 978 ਭਾਰਤੀ ਵਿਦਿਆਰਥੀ ਵੀ ਆਪਣੇ ਘਰ ਪਰਤ ਚੁਕੇ ਹਨ।
ਗ੍ਰਹਿ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸ਼ੁੱਕਰਵਾਰ 363 ਵਿਅਕਤੀ ਡਾਵਕੀ ਇੰਟੀਗ੍ਰੇਟਿਡ ਚੈੱਕ ਪੋਸਟ ਰਾਹੀਂ ਮੇਘਾਲਿਆ ਪਹੁੰਚੇ। ਇਨ੍ਹਾਂ ’ਚ 204 ਭਾਰਤੀ, 158 ਨੇਪਾਲੀ ਤੇ ਇਕ ਭੂਟਾਨੀ ਨਾਗਰਿਕ ਸ਼ਾਮਲ ਹੈ। ਹੁਣ ਤੱਕ ਮੇਘਾਲਿਆ ਦੇ 80 ਵਸਨੀਕ ਸੂਬੇ ’ਚ ਪਰਤ ਚੁੱਕੇ ਹਨ।