ਅਲਕੋਹਲ ਦੇ ਸੇਵਨ ਨਾਲ ਤੇਜ਼ ਹੁੰਦੀ ਹੈ ਯਾਦਦਾਸ਼ਤ!

Friday, Jul 28, 2017 - 11:32 PM (IST)

ਅਲਕੋਹਲ ਦੇ ਸੇਵਨ ਨਾਲ ਤੇਜ਼ ਹੁੰਦੀ ਹੈ ਯਾਦਦਾਸ਼ਤ!

ਲੰਡਨ— ਅਲਕੋਹਲ ਦੇ ਸੇਵਨ ਨਾਲ ਸਰੀਰ ਨੂੰ ਹੋਣ ਵਾਲੇ ਨੁਕਸਾਨਾਂ ਬਾਰੇ ਤਾਂ ਤੁਸੀਂ ਸੁਣਿਆ ਹੋਵੇਗਾ ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਨੂੰ ਪੀਣ ਦੇ ਕੁਝ ਫਾਇਦੇ ਵੀ ਹਨ। ਜੀ ਹਾਂ, ਜੇ ਤੁਸੀਂ ਕਮਜ਼ੋਰ ਯਾਦਦਾਸ਼ਤ ਦੇ ਸ਼ਿਕਾਰ ਹੋ ਤਾਂ ਇਸ ਸਮੱਸਿਆ ਨੂੰ ਦੂਰ ਕਰਨ ਵਿਚ ਸ਼ਰਾਬ ਤੁਹਾਡੀ ਮਦਦ ਕਰ ਸਕਦੀ ਹੈ। 
ਦਰਅਸਲ ਹਾਲ ਹੀ ਵਿਚ ਸਾਹਮਣੇ ਆਈ ਇਕ ਖੋਜ ਵਿਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਅਲਕੋਹਲ ਦੇ ਸੇਵਨ ਨਾਲ ਤੁਹਾਨੂੰ ਜ਼ਿਆਦਾ ਗੱਲਾਂ ਯਾਦ ਰਹਿੰਦੀਆਂ ਹਨ ਅਤੇ ਤੁਹਾਡੀ ਯਾਦਦਾਸ਼ਤ ਨੂੰ ਬਿਹਤਰ ਬਣਾਉਣ 'ਚ ਮਦਦ ਮਿਲਦੀ ਹੈ। 
ਬ੍ਰਿਟੇਨ ਦੀ ਯੂਨੀਵਰਸਿਟੀ ਆਫ ਐਕਿਸਟਰ ਵਿਚ ਹੋਈ ਇਕ ਨਵੀਂ ਸਟੱਡੀ ਦਾ ਦਾਅਵਾ ਹੈ ਕਿ ਜੇ ਡਰਿੰਕਿੰਗ ਸੈਸ਼ਨ ਤੋਂ ਠੀਕ ਪਹਿਲਾਂ ਕਿਸੇ ਸੂਚਨਾ ਜਾਂ ਜਾਣਕਾਰੀ ਨੂੰ ਸਿੱਖਿਆ ਜਾਵੇ ਤਾਂ ਅਲਕੋਹਲ ਕਾਰਨ ਉਹ ਸੂਚਨਾ ਲੰਮੇ ਸਮੇਂ ਤੱਕ ਯਾਦ ਰਹਿੰਦੀ ਹੈ ਕਿਉਂਕਿ ਅਲਕੋਹਲ ਸਾਡੀ ਯਾਦਦਾਸ਼ਤ ਨੂੰ ਬਿਹਤਰ ਕਰਦੀ ਹੈ। ਹਾਲਾਂਕਿ ਖੋਜਕਾਰਾਂ ਨੇ ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਅਲਕੋਹਲ ਦੇ ਵੱਧ ਸੇਵਨ ਦਾ ਸਾਡੀ ਸਰੀਰਕ ਅਤੇ ਮਾਨਸਿਕ ਸਿਹਤ 'ਤੇ ਕਿੰਨਾ ਬੁਰਾ ਅਸਰ ਪੈਂਦਾ ਹੈ, ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਹੀ ਇਸ ਸੀਮਿਤ ਪਾਜ਼ੀਟਿਵ ਅਸਰ ਨੂੰ ਦੇਖਿਆ ਜਾਣਾ ਚਾਹੀਦਾ ਹੈ। 
ਖੋਜਕਾਰਾਂ ਨੇ ਖੋਜ ਦੌਰਾਨ 18 ਤੋਂ 53 ਸਾਲ ਵਿਚਾਲੇ ਦੇ 88 ਸੋਸ਼ਲ ਡਰਿੰਕਰਸ, ਜਿਸ ਵਿਚ 31 ਮਰਦ ਅਤੇ 57 ਔਰਤਾਂ ਸ਼ਾਮਲ ਸਨ, ਨੂੰ ਵਰਲਡ ਲਰਨਿੰਗ ਦਾ ਇਕ ਟਾਸਕ ਦਿੱਤਾ। ਇਸ ਤੋਂ ਬਾਅਦ ਮੁਕਾਬਲੇਬਾਜ਼ਾਂ ਨੂੰ 2 ਗਰੁੱਪਾਂ ਵਿਚ ਵੰਡ ਦਿੱਤਾ। ਇਕ ਗਰੁੱਪ ਨੂੰ ਜਿੰਨੀ ਮਰਜ਼ੀ ਅਲਕੋਹਲ ਪੀਣ ਲਈ ਕਿਹਾ ਗਿਆ ਅਤੇ ਦੂਜੇ ਗਰੁੱਪ ਨੂੰ ਅਲਕੋਹਲ ਪੀਣ ਤੋਂ ਨਾਂਹ ਕਰ ਦਿੱਤੀ ਗਈ। ਦੂਜੇ ਦਿਨ ਸਾਰੇ ਮੁਕਾਬਲੇਬਾਜ਼ਾਂ ਨੇ ਓਹੀ ਟਾਸਕ ਮੁੜ ਕੀਤਾ ਅਤੇ ਨਤੀਜਿਆਂ ਵਿਚ ਪਾਇਆ ਗਿਆ ਕਿ ਜਿਨ੍ਹਾਂ ਨੇ ਅਲਕੋਹਲ ਪੀਤੀ ਸੀ, ਉਨ੍ਹਾਂ ਨੂੰ ਚੀਜ਼ਾਂ ਜ਼ਿਆਦਾ ਯਾਦ ਸਨ।


Related News