ਮੋਬਾਇਲ ਐਪ ਬ੍ਰੀਚ ਕਾਰਨ 20 ਹਜ਼ਾਰ ਏਅਰ ਕੈਨੇਡਾ ਗਾਹਕਾਂ ਦੀ ਨਿੱਜੀ ਜਾਣਕਾਰੀ ਪ੍ਰਭਾਵਿਤ
Wednesday, Aug 29, 2018 - 09:23 PM (IST)

ਮਾਂਟਰੀਅਲ— ਏਅਰ ਕੈਨੇਡਾ ਦਾ ਕਹਿਣਾ ਹੈ ਕਿ ਉਸ ਦੇ ਕਰੀਬ 20 ਹਜ਼ਾਰ ਗਾਹਕਾਂ ਦੀ ਨਿੱਜੀ ਜਾਣਕਾਰੀ ਉਨ੍ਹਾਂ ਦੀ ਐਪ ਦੀ ਹੈਕਿੰਗ ਕਾਰਨ ਪ੍ਰਭਾਵਿਤ ਹੋਈ ਹੈ। ਵਿਭਾਗ ਨੇ ਕਿਹਾ ਬੀਤੇ ਲੰਬੇ ਸਮੇਂ ਤੋਂ ਕਈ ਗਾਹਕਾਂ ਨੇ ਆਪਣੇ ਪਾਸਵਰਡ ਨਹੀਂ ਬਦਲੇ ਸਨ ਤੇ ਇਸ ਹੈਕਿੰਗ ਨੂੰ ਰੋਕਣ ਲਈ 1.7 ਮਿਲੀਅਨ ਗਾਹਕਾਂ ਦੇ ਖਾਤਿਆਂ ਨੂੰ ਲਾਕ-ਡਾਊਨ ਕੀਤਾ ਗਿਆ ਹੈ।
ਏਅਰ ਕੈਨੇਡਾ ਏਅਰਲਾਈਨ ਨੇ ਬੀਤੇ ਹਫਤੇ ਕੁਝ ਅਸਧਾਰਣ ਲਾਗਇਨ ਗਤੀਵਿਧੀਆਂ ਦਾ ਪਤਾ ਲਗਾਇਆ ਤੇ ਹੈਕਿੰਗ ਨੂੰ ਰੋਕਣ ਦੀ ਕੋਸ਼ਿਸ਼ਾਂ ਦੌਰਾਨ ਸਾਰੇ ਅਕਾਊਂਟਸ ਨੂੰ ਵਧੇਰੇ ਜਾਣਕਾਰੀ ਲਈ ਲਾਕ ਕਰ ਦਿੱਤਾ। ਮੋਬਾਇਲ ਐਪ ਵਰਤਣ ਵਾਲੇ ਯੂਜ਼ਰਸ ਨੂੰ ਬੁੱਧਵਾਰ ਸਵੇਰੇ ਮੇਲਾਂ ਰਾਹੀਂ ਅਲਰਟ ਕੀਤਾ ਗਿਆ ਕਿ ਉਨ੍ਹਾਂ ਦਾ ਖਾਤਾ ਪ੍ਰਭਾਵਿਤ ਹੋ ਸਕਦਾ ਹੈ। ਐਪਲੀਕੇਸ਼ਨ 'ਚ ਗਾਹਕ ਸਬੰਧੀ ਨਿੱਜੀ ਜਾਣਕਾਰੀ ਮੁਹੱਈਆ ਹੁੰਦੀ ਹੈ, ਜਿਸ 'ਚ ਗਾਹਕ ਦਾ ਨਾਂ, ਈਮੇਲ ਤੇ ਫੋਨ ਨੰਬਰ ਸ਼ਾਮਲ ਹੈ। ਵਿਭਾਗ ਨੇ ਕਿਹਾ ਕਿ ਗਾਹਕਾਂ ਦੀ ਕ੍ਰੈਡਿਟ ਕਾਰਡ ਸਬੰਧੀ ਜਾਣਕਾਰੀ ਨੂੰ ਅਜਿਹੀ ਹੈਕਿੰਗ ਤੋਂ ਬਚਾ ਕੇ ਰੱਖਿਆ ਜਾਵੇਗਾ। ਵਿਭਾਗ ਨੇ ਕਿਹਾ ਕਿ ਜੇਕਰ ਗਾਹਕ ਆਪਣੀਆਂ ਫਲਾਈਟਾਂ, ਪਾਸਪੋਰਟ ਨੰਬਰ, ਜਨਮ ਤਰੀਕ ਤੇ ਨਾਗਰਿਕਤਾ ਬਾਰੇ ਜਾਣਕਾਰੀ ਐਪਲੀਕੇਸ਼ਨ 'ਚ ਸੇਵ ਕਰਦੇ ਹਨ ਤਾਂ ਇਹ ਜਾਣਕਾਰੀ ਪ੍ਰਭਾਵਿਤ ਹੋ ਸਕਦੀ ਹੈ। ਵਿਭਾਗ ਵਲੋਂ ਗਾਹਕਾਂ ਨੂੰ ਈਮੇਲ ਕਰਕੇ ਆਪਣੇ ਅਕਾਊਂਟਾਂ ਨੂੰ ਦੁਬਾਰਾ ਐਕਟੀਵੇਟ ਤੇ ਲਾਗਇਨ ਕਰਨ ਦੇ ਤਰੀਕੇ ਬਾਰੇ ਜਾਣਕਾਰੀ ਦਿੱਤੀ ਗਈ।