ਮਾਲਦੀਵ ਸੰਕਟ : ਅਦਾਲਤ ਵਲੋਂ ਫੈਸਲਾ ਪਲਟੇ ਜਾਣ ਦਾ ਸਵਾਗਤ : ਰਾਸ਼ਟਰਪਤੀ ਯਾਮੀਨ
Wednesday, Feb 07, 2018 - 03:08 PM (IST)
ਮਾਲੇ (ਏ.ਐਫ.ਪੀ.)- ਮਾਲਦੀਵ ਦੇ ਰਾਸ਼ਟਰਪਤੀ ਨੇ ਉੱਚ ਅਹੁਦੇ ਦੇ ਰਾਜਨੀਤਕ ਵਿਅਕਤੀਆਂ ਦੇ ਦੋਸ਼ਾਂ ਨੂੰ ਬਹਾਲ ਕਰਨ ਦੇ ਸੁਪਰੀਮ ਕੋਰਟ ਦੇ ਕਦਮ ਦਾ ਅੱਜ ਸਵਾਗਤ ਕੀਤਾ। ਰਾਸ਼ਟਰਪਤੀ ਅਬਦੁੱਲਾ ਯਾਮੀਨ ਨੇ ਚੋਟੀ ਦੇ ਦੋ ਜੱਜਾਂ ਨੂੰ ਗ੍ਰਿਫਤਾਰ ਕਰਵਾ ਦਿੱਤਾ ਅਤੇ ਐਮਰਜੈਂਸੀ ਦਾ ਐਲਾਨ ਕਰਕੇ ਇਸ ਸੈਰ-ਸਪਾਟੇ ਲਈ ਪ੍ਰਸਿੱਧ ਦੇਸ਼ ਨੂੰ ਅਸਥਿਰਤਾ ਵਿਚ ਧੱਕ ਦਿੱਤਾ ਸੀ। ਜੇਲ ਵਿਚ ਬੰਦ ਰਾਸ਼ਟਰਪਤੀ ਦੇ ਰਾਜਨੀਤਕ ਵਿਰੋਧੀਆਂ ਨੂੰ ਰਿਹਾਅ ਕਰਵਾਉਣ ਅਤੇ ਮੁਹੰਮਦ ਨਸ਼ੀਦ ਦੇ ਦੋਸ਼ਾਂ ਨੂੰ ਰੱਦ ਕਰਨ ਦੀ ਸੁਪਰੀਮ ਕੋਰਟ ਦਾ ਪਿਛਲੇ ਹਫਤੇ ਦੇ ਹੁਕਮ ਦਾ ਪਾਲਨ ਕਰਨ ਤੋਂ ਮਨਾਂ ਕਰਨ ਉੱਤੇ ਰਾਸ਼ਟਰਪਤੀ ਅਬਦੁੱਲਾ ਯਾਮੀਨ ਦੀ ਕੌਮਾਂਤਰੀ ਪੱਧਰ ਉੱਤੇ ਆਲੋਚਨਾ ਹੋ ਰਹੀ ਸੀ। ਵਿਰੋਧੀ ਧਿਰ ਮਾਲਦੀਵੀਅਨ ਡੈਮੋਕ੍ਰੇਟਿਕ ਪਾਰਟੀ ਦੇ ਸੱਤਾ ਤੋਂ ਹਟਾਏ ਗਏ ਨੇਤਾ ਨਸ਼ੀਦ ਨੇ ਕਿਹਾ ਸੀ ਕਿ ਇਸ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਵਿਚ ਉਹ ਯਾਮੀਨ ਖਿਲਾਫ ਖੜੇ ਹੋਣਗੇ। ਅਦਾਲਤ ਦੇ ਹੁਕਮ ਨੇ ਉਨ੍ਹਾਂ ਲਈ ਇਹ ਰਸਤਾ ਅਖਤਿਆਰ ਕਰ ਦਿੱਤਾ ਸੀ। ਮੰਗਲਵਾਰ ਨੂੰ ਬਾਕੀ ਦੇ ਤਿੰਨ ਜੱਜਾਂ ਨੇ ਉਨ੍ਹਾਂ ਉੱਤੇ ਸਾਬਿਤ ਅੱਤਵਾਦ ਦੇ ਵਿਵਾਦਤ ਦੋਸ਼ ਨੂੰ ਬਹਾਲ ਕਰ ਦਿੱਤਾ ਅਤੇ 8 ਹੋਰ ਰਾਜਨੀਤਕ ਕੈਦੀਆਂ ਨੂੰ ਰਿਹਾਅ ਕਰਨ ਦੇ ਆਪਣੇ ਪੁਰਾਣੇ ਹੁਕਮ ਨੂੰ ਵੀ ਪਲਟ ਦਿੱਤਾ। ਯਾਮੀਨ ਦੀ ਵੈਬਸਾਈਟ ਉੱਤੇ ਬੁੱਧਵਾਰ ਨੂੰ ਇਕ ਬਿਆਨ ਵਿਚ ਕਿਹਾ ਗਿਆ ਸੀ ਕਿ ਉਨ੍ਹਾਂ ਦਾ ਪ੍ਰਸ਼ਾਸਨ ਅਦਾਲਤ ਵਲੋਂ ਫੈਸਲਾ ਪਲਟੇ ਜਾਣ ਦਾ ਸਵਾਗਤ ਕਰਦਾ ਹੈ। ਜੱਜਾਂ ਨੇ ਕਿਹਾ ਕਿ ਉਨ੍ਹਾਂ ਨੇ ਰਾਸ਼ਟਰਪਤੀ ਵਲੋਂ ਚੁੱਕੀਆਂ ਗਈਆਂ ਚਿੰਤਾਵਾਂ ਦੀ ਰੌਸ਼ਨੀ ਵਿਚ ਅਜਿਹਾ ਕੀਤਾ।
ਮਾਲਦੀਵ ਵਿਚ ਕਿਉਂ ਲੱਗੀ ਐਮਰਜੈਂਸੀ
ਸੁਪਰੀਮ ਕੋਰਟ ਨੇ ਮਾਲਦੀਵ ਵਿਚ ਰਾਜਨੀਤਕ ਬੰਦੀਆਂ ਨੂੰ ਰਿਹਾਅ ਕਰਵਾਉਣ ਦਾ ਫੈਸਲਾ ਸੁਣਾਇਆ ਸੀ, ਜਿਸ ਤੋਂ ਬਾਅਦ ਮਾਲਦੀਵ ਦੇ ਰਾਸ਼ਟਰਪਤੀ ਅਬਦੁੱਲਾ ਯਾਮੀਨ ਨੇ ਸੁਪਰੀਮ ਕੋਰਟ ਦੇ ਜੱਜਾਂ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਸੁਣਾ ਦਿੱਤਾ। ਇਸ ਘਟਨਾ ਤੋਂ ਬਾਅਦ ਮਾਲਦੀਵ ਦੇ ਰਾਸ਼ਟਰਪਤੀ ਦੀ ਆਲੋਚਨਾ ਹੋ ਰਹੀ ਹੈ। ਚਾਰੋ ਪਾਸੇ ਹੋ ਰਹੇ ਵਿਰੋਧ ਕਾਰਨ ਰਾਸ਼ਰਟਪਤੀ ਯਾਮੀਨ ਨੇ 15 ਦਿਨਾਂ ਦੀ ਐਮਰਜੈਂਸੀ ਐਲਾਨ ਦਿੱਤੀ। ਇਸ ਦੌਰਾਨ ਚੈਨਲਾਂ ਨੂੰ ਵੀ ਹਿਦਾਇਤ ਕੀਤੀ ਗਈ ਹੈ ਕਿ ਉਹ ਰਾਸ਼ਟਰਪਤੀ ਯਾਮੀਨ ਖਿਲਾਫ ਕਿਸੇ ਤਰ੍ਹਾਂ ਦੀ ਕੋਈ ਖਬਰ ਨਹੀਂ ਲਗਾਉਣਗੇ, ਨਹੀਂ ਤਾਂ ਉਨ੍ਹਾਂ ਖਿਲਾਫ ਵੀ ਕਾਰਵਾਈ ਹੋ ਸਕਦੀ ਹੈ।
ਕਈ ਦੇਸ਼ਾਂ ਨੇ ਆਪਣੇ ਨਾਗਰਿਕਾਂ ਨੂੰ ਮਾਲਦੀਵ ਦੀ ਯਾਤਰਾ ਬਾਰੇ ਦਿੱਤੀ ਚਿਤਾਵਨੀ
ਤੁਹਾਨੂੰ ਦੱਸ ਦਈਏ ਕਿ ਮਾਲਦੀਵ ਵਿਚ ਰਾਜਨੀਤਕ ਸੰਕਟ ਦੇ ਮੱਦੇਨਜ਼ਰ ਕਈ ਦੇਸ਼ਾਂ ਨੇ ਇਸ ਦੇਸ਼ ਦੀ ਯਾਤਰਾ ਕਰਨ ਬਾਰੇ ਚਿਤਾਵਨੀ ਜਾਰੀ ਕੀਤੀ ਹੈ। ਦੇਸ਼ ਦੀ ਅਰਥਵਿਵਸਥਾ ਕਾਫੀ ਹੱਦ ਤੱਕ ਸੈਰ-ਸਪਾਟੇ ਉੱਤੇ ਨਿਰਭਰ ਹੈ ਅਤੇ ਹੁਣ ਸੈਰ-ਸਪਾਟੇ ਦਾ ਮੌਸਮ ਵੀ ਚਲ ਰਿਹਾ ਹੈ। ਇਸ ਹਫਤੇ ਦੀ ਸ਼ੁਰੂਆਤ ਵਿਚ ਲਗਾਏ ਗਏ 15 ਦਿਨ ਦੀ ਐਮਰਜੈਂਸੀ ਨੇ ਸਰਕਾਰ ਨੂੰ ਲੋਕਾਂ ਨੂੰ ਗ੍ਰਿਫਤਾਰ ਕਰਨ, ਹਿਰਾਸਤ ਵਿਚ ਲੈਣ ਅਤੇ ਜੱਜਾਂ ਤੇ ਵਿਧਾਇਕਾਂ ਦੀਆਂ ਸ਼ਕਤੀਆਂ ਨੂੰ ਘੱਟ ਕਰਨ ਦੀ ਤਾਕਤ ਦਿੱਤੀ। ਮਾਲਦੀਵ ਦੇ ਚੀਫ ਜਸਟਿਸ ਅਬਦੁੱਲਾ ਸਈਦ ਅਤੇ ਇਕ ਹੋਰ ਜੱਜ ਨੂੰ ਮੰਗਲਵਾਰ ਤੜਕੇ ਗ੍ਰਿਫਤਾਰ ਕਰ ਲਿਆ ਗਿਆ ਸੀ।
