ਬੰਗਲਾਦੇਸ਼ ''ਚ ਹਿੰਦੂਆਂ ਤੋਂ ਬਾਅਦ ਈਸਾਈ ਨਿਸ਼ਾਨੇ ''ਤੇ, ਕ੍ਰਿਸਮਸ ਵਾਲੇ ਦਿਨ ਬਦਮਾਸ਼ਾਂ ਨੇ 17 ਘਰਾਂ ਨੂੰ ਲਾਈ ਅੱਗ
Thursday, Dec 26, 2024 - 07:52 AM (IST)
ਇੰਟਰਨੈਸ਼ਨਲ ਡੈਸਕ : ਈਸਾਈ ਭਾਈਚਾਰੇ 'ਤੇ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ ਬੰਗਲਾਦੇਸ਼ ਦੇ ਬੰਦਰਬਨ ਜ਼ਿਲ੍ਹੇ ਦੇ ਲਾਮਾ ਇਲਾਕੇ 'ਚ ਹੋਇਆ ਹੈ। ਬਦਮਾਸ਼ਾਂ ਨੇ ਤ੍ਰਿਪੁਰਾ ਭਾਈਚਾਰੇ ਦੇ 17 ਘਰਾਂ ਨੂੰ ਅੱਗ ਲਗਾ ਦਿੱਤੀ। ਇਹ ਘਟਨਾ 25 ਦਸੰਬਰ ਦੀ ਸਵੇਰ ਦੀ ਹੈ, ਜਦੋਂ ਪਿੰਡ ਵਾਸੀ ਕ੍ਰਿਸਮਿਸ ਮਨਾਉਣ ਲਈ ਗੁਆਂਢੀ ਪਿੰਡ ਵਿਖੇ ਗਏ ਹੋਏ ਸਨ। ਤੋਂਗਜੀਰੀ ਇਲਾਕੇ ਦੇ ਨਿਊ ਬੇਟਾਚਾਰਾ ਪਾੜਾ ਪਿੰਡ ਵਿਚ ਈਸਾਈ ਭਾਈਚਾਰੇ ਦੇ ਲੋਕ ਰਹਿੰਦੇ ਹਨ। ਪਿੰਡ ਵਿਚ ਕੋਈ ਚਰਚ ਨਾ ਹੋਣ ਕਾਰਨ ਹਰ ਕੋਈ ਕ੍ਰਿਸਮਸ ਦੀ ਪ੍ਰਾਰਥਨਾ ਲਈ ਦੂਜੇ ਪਿੰਡ ਚਲਾ ਗਿਆ ਸੀ। ਇਸੇ ਦੌਰਾਨ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਸ਼ਰਾਰਤੀ ਅਨਸਰਾਂ ਨੇ ਤੜਕੇ ਹੀ ਪਿੰਡ ਵਿਚ ਆ ਕੇ ਘਰਾਂ ਨੂੰ ਅੱਗ ਲਗਾ ਦਿੱਤੀ।
ਇਸ ਹਮਲੇ ਵਿਚ 19 ਵਿੱਚੋਂ 17 ਘਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ। ਇਕ ਰਿਪੋਰਟ ਮੁਤਾਬਕ ਇਸ ਹਮਲੇ ਵਿਚ ਪਿੰਡ ਦੇ ਲੋਕਾਂ ਦਾ 15 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ : ਗ੍ਰੀਨਲੈਂਡ ਨੂੰ ਖ਼ਰੀਦਣਾ ਚਾਹੁੰਦਾ ਹੈ ਅਮਰੀਕਾ, ਜਾਣੋ ਕਿਵੇਂ ਅਤੇ ਕਿੰਨੀ ਕੀਮਤ 'ਚ ਵਿਕਦਾ ਹੈ ਕੋਈ ਦੇਸ਼
ਪਹਿਲਾਂ ਵੀ ਮਿਲੀਆਂ ਸਨ ਧਮਕੀਆਂ
ਪਿੰਡ ਦੇ ਲੋਕਾਂ ਨੇ ਦੱਸਿਆ ਕਿ ਇਹ ਹਮਲਾ ਅਚਾਨਕ ਨਹੀਂ ਹੋਇਆ। 17 ਨਵੰਬਰ ਨੂੰ ਬਦਮਾਸ਼ਾਂ ਨੇ ਉਨ੍ਹਾਂ ਨੂੰ ਪਿੰਡ ਖਾਲੀ ਕਰਨ ਦੀ ਧਮਕੀ ਦਿੱਤੀ ਸੀ। ਗੰਗਾ ਮਨੀ ਤ੍ਰਿਪੁਰਾ ਨਾਂ ਦੇ ਵਿਅਕਤੀ ਨੇ ਲਾਮਾ ਪੁਲਸ ਸਟੇਸ਼ਨ 'ਚ ਇਸ ਧਮਕੀ ਵਿਰੁੱਧ ਐੱਫਆਈਆਰ ਦਰਜ ਕਰਵਾਈ ਸੀ। ਐੱਫਆਈਆਰ ਵਿਚ 15 ਲੋਕਾਂ ਦੇ ਨਾਂ ਸ਼ਾਮਲ ਸਨ, ਪਰ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ।
ਪੀੜਤਾਂ ਦੀ ਹਾਲਤ
ਹਮਲੇ ਤੋਂ ਬਾਅਦ ਹੁਣ ਪਿੰਡ ਦੇ ਸਾਰੇ ਪਰਿਵਾਰ ਖੁੱਲ੍ਹੇ ਅਸਮਾਨ ਹੇਠ ਰਹਿਣ ਲਈ ਮਜਬੂਰ ਹਨ। ਪੀੜਤ ਗੁੰਗਾਮਣੀ ਤ੍ਰਿਪੁਰਾ ਨੇ ਕਿਹਾ, "ਸਾਡੇ ਘਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ ਹਨ। ਅਸੀਂ ਕੁਝ ਵੀ ਨਹੀਂ ਬਚਾ ਸਕੇ। ਹੁਣ ਸਾਡੇ ਕੋਲ ਸਿਰ ਛੁਪਾਉਣ ਲਈ ਵੀ ਜਗ੍ਹਾ ਨਹੀਂ ਹੈ।"
ਪ੍ਰਸ਼ਾਸਨ ਨੇ ਧਾਰੀ ਚੁੱਪ
ਪੀੜਤਾਂ ਅਨੁਸਾਰ ਇਸ ਘਟਨਾ ਦੇ ਬਾਵਜੂਦ ਪ੍ਰਸ਼ਾਸਨ ਅਤੇ ਪੁਲਸ ਨੇ ਅਜੇ ਤੱਕ ਕੋਈ ਕਦਮ ਨਹੀਂ ਚੁੱਕਿਆ। ਪਹਿਲਾਂ ਧਮਕੀਆਂ ਮਿਲਣ ਅਤੇ ਐੱਫਆਈਆਰ ਦਰਜ ਕਰਨ ਦੇ ਬਾਵਜੂਦ ਪੁਲਸ ਨੇ ਹਮਲਾਵਰਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ, ਜਿਸ ਕਾਰਨ ਲੋਕਾਂ ਵਿਚ ਗੁੱਸਾ ਅਤੇ ਡਰ ਦੋਵੇਂ ਵੱਧ ਗਏ ਹਨ।
ਇਹ ਵੀ ਪੜ੍ਹੋ : ਪਾਣੀ ਵਾਲੀ ਟੈਂਕੀ ਫਟਣ ਕਾਰਨ 9 ਸਾਲਾ ਬੱਚੀ ਦੀ ਦਰਦਨਾਕ ਮੌਤ, 3 ਲੋਕ ਜ਼ਖਮੀ
ਧਾਰਮਿਕ ਘੱਟ ਗਿਣਤੀਆਂ 'ਤੇ ਵੱਧ ਰਹੇ ਹਮਲੇ
ਇਹ ਘਟਨਾ ਬੰਗਲਾਦੇਸ਼ ਵਿਚ ਧਾਰਮਿਕ ਘੱਟ ਗਿਣਤੀਆਂ ਵਿਰੁੱਧ ਵੱਧ ਰਹੇ ਅੱਤਿਆਚਾਰਾਂ ਦਾ ਹਿੱਸਾ ਹੈ। ਜਿੱਥੇ ਪਹਿਲਾਂ ਹਿੰਦੂ ਭਾਈਚਾਰੇ 'ਤੇ ਹਮਲੇ ਹੋ ਰਹੇ ਸਨ, ਉਥੇ ਹੁਣ ਈਸਾਈ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।