5.5 ਤੀਬਰਤਾ ਦਾ ਜ਼ਬਰਦਸਤ ਭੂਚਾਲ, ਘਰਾਂ 'ਚੋਂ ਬਾਹਰ ਭੱਜੇ ਲੋਕ, ਇਰਾਨ 'ਚ ਹਾਈ ਅਲਰਟ

Thursday, Feb 19, 2026 - 01:23 PM (IST)

5.5 ਤੀਬਰਤਾ ਦਾ ਜ਼ਬਰਦਸਤ ਭੂਚਾਲ, ਘਰਾਂ 'ਚੋਂ ਬਾਹਰ ਭੱਜੇ ਲੋਕ, ਇਰਾਨ 'ਚ ਹਾਈ ਅਲਰਟ

ਤੇਹਰਾਨ : ਦੱਖਣੀ ਇਰਾਨ ਵਿੱਚ ਵੀਰਵਾਰ ਸਵੇਰੇ ਆਏ ਜ਼ਬਰਦਸਤ ਭੂਚਾਲ ਦੇ ਝਟਕਿਆਂ ਨੇ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲਾ ਦਿੱਤੀ ਹੈ। ਰਿਕਟਰ ਪੈਮਾਨੇ 'ਤੇ ਇਸ ਭੂਚਾਲ ਦੀ ਤੀਬਰਤਾ 5.5 ਮਾਪੀ ਗਈ ਹੈ। ਇਹ ਭੂਚਾਲ ਅਜਿਹੇ ਸਮੇਂ ਆਇਆ ਹੈ ਜਦੋਂ ਇਰਾਨ 'ਤੇ ਅਮਰੀਕੀ ਹਮਲੇ ਦਾ ਖਤਰਾ ਮੰਡਰਾ ਰਿਹਾ ਹੈ, ਜਿਸ ਕਾਰਨ ਲੋਕਾਂ ਵਿੱਚ ਇਸ ਗੱਲ ਨੂੰ ਲੈ ਕੇ ਭਾਰੀ ਚਰਚਾ ਹੈ ਕਿ ਕੀ ਇਹ ਕੁਦਰਤੀ ਆਫ਼ਤ ਸੀ ਜਾਂ ਇਰਾਨ ਵੱਲੋਂ ਕੀਤਾ ਗਿਆ ਕੋਈ ਗੁਪਤ 'ਪਰਮਾਣੂ ਪਰੀਖਣ'।

ਜਰਮਨ ਰਿਸਰਚ ਸੈਂਟਰ ਫਾਰ ਜੀਓਸਾਇੰਸਿਜ਼ ਮੁਤਾਬਕ, ਭੂਚਾਲ ਦੇ ਝਟਕੇ ਸਥਾਨਕ ਸਮੇਂ ਅਨੁਸਾਰ ਸਵੇਰੇ 7:13 ਵਜੇ ਮਹਿਸੂਸ ਕੀਤੇ ਗਏ। ਇਸ ਦਾ ਕੇਂਦਰ ਫਾਰਸ ਸੂਬੇ ਦੇ ਮੋਹਰ ਸ਼ਹਿਰ ਤੋਂ ਲਗਭਗ 36 ਕਿਲੋਮੀਟਰ ਦੂਰ ਦੱਖਣ-ਪੱਛਮ ਵਿੱਚ ਸੀ। ਭੂਚਾਲ ਦੀ ਡੂੰਘਾਈ ਸਿਰਫ਼ 10 ਕਿਲੋਮੀਟਰ ਸੀ, ਜਿਸ ਕਾਰਨ ਝਟਕੇ ਬਹੁਤ ਤੇਜ਼ ਮਹਿਸੂਸ ਹੋਏ। ਭੂਚਾਲ ਆਉਂਦੇ ਹੀ ਲੋਕ ਆਪਣੇ ਘਰਾਂ ਤੋਂ ਬਾਹਰ ਭੱਜਣ ਲੱਗੇ। 

ਭੂਚਾਲ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਦਹਿਸ਼ਤ ਵੇਖੀ ਗਈ। ਐਮਰਜੰਸੀ ਸੇਵਾਵਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ। ਰਾਹਤ ਅਤੇ ਬਚਾਓ ਟੀਮਾਂ ਨੂੰ ਸੰਭਾਵਿਤ ਨੁਕਸਾਨ ਅਤੇ ਆਫਟਰਸ਼ਾਕ (ਦੁਬਾਰਾ ਭੂਚਾਲ ਦੇ ਝਟਕਿਆਂ) ਦੇ ਸ਼ੰਕੇ ਤਹਿਤ ਹਾਈ ਅਲਰਟ ਉੱਤੇ ਰੱਖਿਆ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਸਥਿਤੀ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਸ਼ੁਰੂਆਤੀ ਰਿਪੋਰਟਾਂ ਅਨੁਸਾਰ, ਅਜੇ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ,। ਹਾਲਾਂਕਿ, ਅਮਰੀਕਾ ਨਾਲ ਚੱਲ ਰਹੇ ਤਣਾਅ ਕਾਰਨ ਲੋਕਾਂ ਨੂੰ ਪਹਿਲੀ ਨਜ਼ਰ ਵਿੱਚ ਅਜਿਹਾ ਮਹਿਸੂਸ ਹੋਇਆ ਜਿਵੇਂ ਕੋਈ ਮਿਜ਼ਾਈਲ ਹਮਲਾ ਹੋ ਗਿਆ ਹੋਵੇ। 

ਪਰਮਾਣੂ ਪਰੀਖਣ ਦੀਆਂ ਅਫਵਾਹਾਂ 

ਸੋਸ਼ਲ ਮੀਡੀਆ 'ਤੇ ਇਹ ਚਰਚਾ ਤੇਜ਼ ਹੈ ਕਿ ਇਹ ਭੂਚਾਲ ਕੁਦਰਤੀ ਨਹੀਂ ਸੀ। ਕਈਆਂ ਦਾ ਮੰਨਣਾ ਹੈ ਕਿ ਇਰਾਨ ਨੇ ਗੁਪਤ ਤਰੀਕੇ ਨਾਲ ਪਰਮਾਣੂ ਪ੍ਰੀਖਣ ਕੀਤਾ ਹੈ, ਜਿਸ ਕਾਰਨ ਧਰਤੀ ਕੰਬੀ ਹੈ। ਇਰਾਨ ਲਗਾਤਾਰ ਪਰਮਾਣੂ ਸਮਰੱਥਾ ਵਧਾਉਣ ਦੀ ਕੋਸ਼ਿਸ਼ ਵਿੱਚ ਹੈ, ਜਿਸਦਾ ਅਮਰੀਕਾ ਵਿਰੋਧ ਕਰ ਰਿਹਾ ਹੈ। ਹਾਲਾਂਕਿ, ਅਜੇ ਤੱਕ ਇਹ ਪੁਸ਼ਟੀ ਨਹੀਂ ਹੋਈ ਹੈ ਕਿ ਇਹ ਕੋਈ ਟੈਸਟ ਸੀ।

ਇਹ ਭੂਚਾਲ ਅਜਿਹੇ ਨਾਜ਼ੁਕ ਮੋੜ 'ਤੇ ਆਇਆ ਹੈ ਜਦੋਂ ਅਮਰੀਕਾ-ਇਰਾਨ ਦੋਵੇਂ ਦੇਸ਼ਾਂ ਵਿਚਾਲੇ ਤਣਾਅ ਸਿਖਰ 'ਤੇ ਹੈ। ਅਜਿਹੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਅਮਰੀਕਾ 22 ਫਰਵਰੀ ਤੱਕ ਇਰਾਨ 'ਤੇ ਹਮਲਾ ਕਰ ਸਕਦਾ ਹੈ। ਇਸੇ ਖਦਸ਼ੇ ਦੇ ਚਲਦਿਆਂ ਪੂਰੇ ਮੱਧ ਪੂਰਬ ਵਿੱਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ।


author

DILSHER

Content Editor

Related News