ਅਫਗਾਨਿਸਤਾਨ ''ਚ ਤਾਲਿਬਾਨ ਵੱਲੋਂ ਮਹਿਲਾ ਨੂੰ ਸਖ਼ਤ ਸਜ਼ਾ, ਸ਼ਰੇਆਮ ਮਾਰੇ 40 ਕੋੜੇ
Wednesday, Apr 28, 2021 - 04:41 PM (IST)
ਕਾਬੁਲ (ਬਿਊਰੋ): ਅਫਗਾਨਿਸਤਾਨ ਤੋਂ ਅਮਰੀਕੀ ਸੈਨਾ ਦੀ ਵਾਪਸੀ ਦਾ ਐਲਾਨ ਹੁੰਦੇ ਹੀ ਤਾਲਿਬਾਨ ਇਕ ਵਾਰ ਫਿਰ ਤੋਂ ਆਪਣੇ ਰੰਗ ਵਿਚ ਪਰਤਦਾ ਦਿਸ ਰਿਹਾ ਹੈ। ਅਫਗਾਨਿਸਤਾਨ ਵਿਚ ਇਸਲਾਮੀ ਕਾਨੂੰਨ ਸ਼ਰੀਆ ਦੇ ਹਮਾਇਤੀ ਤਾਲਿਬਾਨ ਨੇ ਇਕ ਮਹਿਲਾ ਨੂੰ ਫੋਨ 'ਤੇ ਆਪਣੇ ਬੁਆਏਫ੍ਰੈਂਡ ਨਾਲ ਗੱਲ ਕਰਨ ਦੇ ਅਪਰਾਧ ਵਿਚ ਸ਼ਰੇਆਮ 40 ਕੋੜੇ ਮਾਰੇ ਹਨ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਮਗਰੋਂ ਅਮਰੀਕਾ ਦੇ ਕਈ ਨੇਤਾਵਾਂ ਨੇ ਵੀ ਅਫਗਾਨਿਸਤਾਨ ਵਿਚ ਔਰਤਾਂ ਦੀ ਖਰਾਬ ਹੁੰਦੀ ਸਥਿਤੀ ਨੂੰ ਲੈਕੇ ਬਾਈਡੇਨ ਪ੍ਰਸ਼ਾਸਨ 'ਤੇ ਹਮਲਾ ਬੋਲਿਆ ਹੈ।
ਮੌਲਾਨਾ ਨੇ ਸੁਣਾਈ ਸਖ਼ਤ ਸਜ਼ਾ
ਡੇਲੀ ਮੇਲ ਦੀ ਰਿਪੋਰਟ ਮੁਤਾਬਕ ਇਸ ਮਹਿਲਾ ਨੇ ਸ਼ਰੀਆ ਕਾਨੂੰਨ ਦੇ ਖ਼ਿਲਾਫ਼ ਆਪਣੇ ਬੁਆਏਫ੍ਰੈਂਡ ਨਾਲ ਫੋਨ 'ਤੇ ਗੱਲ ਕੀਤੀ ਸੀ, ਜਿਸ ਮਗਰੋਂ ਸਥਾਨਕ ਲੋਕ ਉਸ ਨੂੰ ਸਜ਼ਾ ਦਿਵਾਉਣ ਲਈ ਤਾਲਿਬਾਨ ਕੋਲ ਗਏ। ਪੂਰੇ ਮਾਮਲੇ ਦੀ ਜਾਣਕਾਰੀ ਹੁੰਦੇ ਹੀ ਤਾਲਿਬਾਨ ਦੇ ਕੱਟੜਪੰਥੀ ਮੌਲਾਨਾ ਨੇ ਇਸਲਾਮਿਕ ਕਾਨੂੰਨ ਮੁਤਾਬਕ ਉਸ ਮਹਿਲਾ ਨੂੰ ਸ਼ਰੇਆਮ 40 ਕੋੜੇ ਮਾਰਨ ਦੀ ਸਜ਼ਾ ਸੁਣਾਈ। ਵੱਡੀ ਗੱਲ ਇਹ ਸੀ ਕਿ ਇਸ ਨਜ਼ਾਰੇ ਨੂੰ ਦੇਖਣ ਲਈ ਲੋਕਾਂ ਦੀ ਭਾਰੀ ਭੀੜ ਇਕੱਠੀ ਹੋਈ ਸੀ ਪਰ ਕਿਸੇ ਨੇ ਵੀ ਸਜ਼ਾ ਦਾ ਵਿਰੋਧ ਨਹੀਂ ਕੀਤਾ।
ਪੜ੍ਹੋ ਇਹ ਅਹਿਮ ਖਬਰ- ਚੀਨ : ਕਿੰਡਰਗਾਰਟਨ 'ਚ ਚਾਕੂ ਹਮਲਾ,16 ਬੱਚੇ ਜ਼ਖ਼ਮੀ
ਪਹਿਲੀ ਵਾਰ 13 ਅਪ੍ਰੈਲ ਨੂੰ ਸ਼ੇਅਰ ਕੀਤੀ ਗਈ ਵੀਡੀਓ
ਇਸ ਘਟਨਾ ਸੰਬੰਧੀ ਵੀਡੀਓ ਹੇਰਾਤ ਸੂਬੇ ਦੇ ਦੂਰ ਦੁਰਾਡੇ ਇਲਾਕੇ ਵਿਚ ਸਥਿਤ ਹਫ਼ਤਾਗੋਲਾ ਪਿੰਡ ਦਾ ਦੱਸਿਆ ਜਾ ਰਿਹਾ ਹੈ। ਇਹ ਫੁਟੇਜ ਪਹਿਲੀ ਵਾਰ 13 ਅਪ੍ਰੈਲ ਨੂੰ ਫੇਸਬੁੱਕ 'ਤੇ ਸ਼ੇਅਰ ਕੀਤਾ ਗਿਆ ਸੀ ਪਰ ਫਰਾਂਸ 24 ਮੁਤਾਬਕ ਇਹ ਘਟਨਾ ਪਿਛਲੇ ਸਾਲ ਦਸੰਬਰ ਦੀ ਹੈ। ਇਸ ਵੀਡੀਓ ਵਿਚ ਇਕ ਮਹਿਲਾ ਨੂੰ ਤਿੰਨ ਤਾਲਿਬਾਨੀਆਂ ਦੀ ਸੁਣਾਈ ਗਈ ਸਜ਼ਾ ਦੀ ਸ਼ਿਕਾਰ ਦੱਸਿਆ ਜਾ ਰਿਹਾ ਹੈ। ਦੋਸ਼ੀ ਮਹਿਲਾ ਨੂੰ ਘੇਰ ਕੇ ਲੋਕਾਂ ਦੀ ਭੀੜ ਬੈਠੀ ਹੈ ਜਿਸ ਮਗਰੋਂ ਇਕ ਪੁਰਸ਼ ਦੋਸ਼ੀ ਮਹਿਲਾ ਨੂੰ ਕੋੜੇ ਮਾਰਦਾ ਦਿਸਦਾ ਹੈ। ਦਰਦ ਹੋਣ 'ਤੇ ਮਹਿਲਾ ਦਇਆ ਦੀ ਭੀਖ ਮੰਗਦੀ ਹੈ ਪਰ ਧਾਰਮਿਕ ਕੱਟੜਪੰਥੀ ਦਾ ਦਿਲ ਨਹੀਂ ਪਿਘਲਦਾ। ਇਹ ਮਹਿਲਾ ਬੁਰਕੇ ਹੇਠਾਂ ਰੋਂਦੀ ਹੋਈ ਕਹਿੰਦੀ ਹੈ ਕਿ ਮੈਨੂੰ ਪਛਤਾਵਾ ਹੈ ਕਿ ਇਹ ਮੇਰੀ ਗਲਤੀ ਹੈ। ਮੈਂ ਗੜਬੜ ਕਰ ਦਿੱਤੀ ਪਰ ਉਸ ਨੂੰ ਲਗਾਤਾਰ ਕੋੜੇ ਮਾਰੇ ਜਾਂਦੇ ਰਹਿੰਦੇ ਹਨ। ਇਸ ਦੌਰਾਨ ਕੁਝ ਲੋਕ ਮੋਬਾਇਲ 'ਤੇ ਘਟਨਾ ਦੀ ਰਿਕਾਡਿੰਗ ਕਰਦੇ ਨਜ਼ਰ ਆਉਂਦੇ ਹਨ।