ਅਫਗਾਨਿਸਤਾਨ : ਤਾਲਿਬਾਨ ਨੇ ਸਰਕਾਰੀ ਮੀਡੀਆ ਵਿਭਾਗ ਦੇ ਮੁਖੀ ਦਾ ਕੀਤਾ ਕਤਲ
Friday, Aug 06, 2021 - 06:41 PM (IST)
ਇੰਟਰਨੈਸ਼ਨਲ ਡੈਸਕ : ਅਫਗਾਨਿਸਤਾਨ ’ਚ ਤਾਲਿਬਾਨ ਨੇ ਸ਼ੁੱਕਰਵਾਰ ਸਰਕਾਰੀ ਮੀਡੀਆ ਸੂਚਨਾ ਕੇਂਦਰ ਦੇ ਡਾਇਰੈਕਟਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਹਾਲ ਹੀ ਦੇ ਦਿਨਾਂ ’ਚ ਕਿਸੇ ਸਰਕਾਰੀ ਅਧਿਕਾਰੀ ਦੀ ਹੱਤਿਆ ਦਾ ਇਹ ਤਾਜ਼ਾ ਮਾਮਲਾ ਹੈ। ਇਹ ਘਟਨਾ ਉਸ ਸਮੇਂ ਵਾਪਰੀ ਹੈ, ਜਦੋਂ ਕੁਝ ਦਿਨ ਪਹਿਲਾਂ ਹੀ ਦੇਸ਼ ਦੇ ਕੇਅਰਟੇਕਰ ਰੱਖਿਆ ਮੰਤਰੀ ਦੇ ਕਤਲ ਦੀ ਕੋਸ਼ਿਸ਼ ਕੀਤੀ ਗਈ ਸੀ। ਤਾਲਿਬਾਨ ਦੇ ਬੁਲਾਰੇ ਜ਼ਬੀਹੁੱਲ੍ਹਾ ਮੁਜਾਹਿਦ ਨੇ ਕਿਹਾ ਕਿ ਸਮੂਹ ਦੇ ਲੜਾਕਿਆਂ ਨੇ ਦਾਵਾ ਖਾਨ ਮੈਨਾਪਾਲ ਨੂੰ ਮਾਰ ਦਿੱਤਾ, ਜੋ ਸਥਾਨਕ ਅਤੇ ਵਿਦੇਸ਼ੀ ਮੀਡੀਆ ਲਈ ਸਰਕਾਰ ਦੀ ਪ੍ਰੈੱਸ ਮੁਹਿੰਮ ਚਲਾਉਂਦਾ ਸੀ।
ਇਹ ਵੀ ਪੜ੍ਹੋ : ਅਮਰੀਕਾ : ਟੈਕਸਾਸ ’ਚ ਪ੍ਰਵਾਸੀਆਂ ਨੂੰ ਲਿਜਾ ਰਹੀ ਵੈਨ ਨਾਲ ਵਾਪਰਿਆ ਭਿਆਨਕ ਹਾਦਸਾ, 10 ਦੀ ਮੌਤ
ਮੁਜਾਹਿਦ ਨੇ ਬਾਅਦ ’ਚ ਇੱਕ ਬਿਆਨ ’ਚ ਕਿਹਾ ਕਿ ਮੈਨਾਪਾਲ ਨੂੰ ‘‘ਮੁਜਾਹਿਦੀਨ ਦੇ ਇੱਕ ਵਿਸ਼ੇਸ਼ ਹਮਲੇ ’ਚ ਮਾਰਿਆ ਗਿਆ’’ ਅਤੇ ‘‘ਉਸ ਨੂੰ ਉਸ ਦੇ ਕੰਮਾਂ ਦੀ ਸਜ਼ਾ ਦਿੱਤੀ ਗਈ।’’ ਮੁਜਾਹਿਦ ਨੇ ਹੋਰ ਜਾਣਕਾਰੀ ਨਹੀਂ ਦਿੱਤੀ। ਤਾਲਿਬਾਨ ਵੱਲੋਂ ਸਰਕਾਰੀ ਅਧਿਕਾਰੀਆਂ ਦੀ ਹੱਤਿਆ ਅਸਾਧਾਰਨ ਨਹੀਂ ਹੈ। ਇਸਲਾਮਿਕ ਸਟੇਟ ਨੇ ਨਾਗਰਿਕਾਂ ਵਿਰੁੱਧ ਹਾਲ ਹੀ ’ਚ ਹੋਏ ਕਈ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ, ਹਾਲਾਂਕਿ ਸਰਕਾਰ ਅਕਸਰ ਤਾਲਿਬਾਨ ਨੂੰ ਜ਼ਿੰਮੇਵਾਰ ਠਹਿਰਾਉਂਦੀ ਹੈ। ਪਿਛਲੇ ਕੁਝ ਮਹੀਨਿਆਂ ਤੋਂ ਤਾਲਿਬਾਨ ਅਤੇ ਅਫ਼ਗਾਨ ਸਰਕਾਰ ਦੀਆਂ ਫ਼ੌਜਾਂ ਵਿਚਕਾਰ ਜੰਗ ਤੇਜ਼ ਹੋ ਗਈ ਹੈ ਕਿਉਂਕਿ ਅਮਰੀਕੀ ਅਤੇ ਨਾਟੋ ਫੌਜੀਆਂ ਨੇ ਯੁੱਧ ਪੀੜਤ ਦੇਸ਼ ਤੋਂ ਆਪਣੀ ਵਾਪਸੀ ਪੂਰੀ ਕਰ ਲਈ ਹੈ।
ਛੋਟੇ ਪ੍ਰਸ਼ਾਸਕੀ ਜ਼ਿਲ੍ਹਿਆਂ ਦਾ ਕੰਟਰੋਲ ਲੈਣ ਤੋਂ ਬਾਅਦ ਤਾਲਿਬਾਨ ਹੁਣ ਸੂਬਾਈ ਰਾਜਧਾਨੀਆਂ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਗ੍ਰਹਿ ਮੰਤਰਾਲੇ ਦੇ ਉਪ ਬੁਲਾਰੇ ਸਈਦ ਹਾਮਿਦ ਰੁਸ਼ਾਨ ਨੇ ਕਿਹਾ ਕਿ ਮੈਨਾਪਾਲ ਦਾ ਕਤਲ ਹਫਤਾਵਾਰੀ ਜੁੰਮੇ ਦੀ ਨਮਾਜ਼ ਦੌਰਾਨ ਹੋਇਆ। ਇਹ ਸਪੱਸ਼ਟ ਨਹੀਂ ਹੈ ਕਿ ਗੋਲੀਬਾਰੀ ਦੇ ਸਮੇਂ ਮੈਨਾਪਾਲ ਕਿੱਥੇ ਸੀ। ਮੰਗਲਵਾਰ ਦੇਰ ਰਾਤ ਅਫਗਾਨਿਸਤਾਨ ਦੇ ਕਾਰਜਕਾਰੀ ਰੱਖਿਆ ਮੰਤਰੀ ਨੂੰ ਨਿਸ਼ਾਨਾ ਬਣਾ ਕੇ ਕਾਬੁਲ ਦੇ ਬਹੁਤ ਸੁਰੱਖਿਆ ਵਾਲੇ ਖੇਤਰ ’ਚ ਤਾਲਿਬਾਨ ਦੇ ਬੰਬ ਹਮਲੇ ’ਚ ਘੱਟੋ-ਘੱਟ 8 ਲੋਕ ਮਾਰੇ ਗਏ ਅਤੇ 20 ਹੋਰ ਜ਼ਖ਼ਮੀ ਹੋ ਗਏ। ਇਸ ’ਚ ਮੰਤਰੀ ਦਾ ਕੋਈ ਨੁਕਸਾਨ ਨਹੀਂ ਹੋਇਆ।