ਅਫਗਾਨ ਸਰਕਾਰ ਨੇ ਕਾਬੁਲ ਹਮਲੇ ਮਗਰੋਂ ''ਸੁਤੰਤਰਤਾ ਦਿਵਸ'' ਸਮਾਰੋਹ ਕੀਤਾ ਰੱਦ

08/19/2019 3:32:19 PM

ਕਾਬੁਲ (ਬਿਊਰੋ)— ਅਫਗਾਨਿਸਤਾਨ ਵਿਚ ਬੀਤੇ ਦਿਨੀਂ ਵਿਆਹ ਸਮਾਰੋਹ ਵਿਚ ਹੋਏ ਧਮਾਕੇ ਦੇ ਬਾਅਦ ਪੂਰਾ ਦੇਸ਼ ਸਦਮੇ ਵਿਚ ਹੈ। ਇਸ ਘਟਨਾ ਵਿਚ 63 ਲੋਕ ਮਾਰੇ ਗਏ ਅਤੇ 182 ਜ਼ਖਮੀ ਹੋ ਗਏ ਸਨ। ਇਸੇ ਕਾਰਨ ਅਫਗਾਨ ਸਰਕਾਰ ਨੇ ਦੇਸ਼ ਦੇ 100ਵੇਂ ਸੁਤੰਤਰਤਾ ਦਿਵਸ ਦੇ ਸੰਬੰਧ ਵਿਚ ਹੋਣ ਵਾਲੇ ਸਮਾਰੋਹ ਨੂੰ ਰੱਦ ਕਰ ਦਿੱਤਾ ਹੈ। ਇਹ ਸਮਾਰੋਹ ਅੱਜ ਮਤਲਬ 19 ਅਗਸਤ ਨੂੰ ਇਤਿਹਾਸਿਕ ਦਰ-ਊਲ-ਅਮਨ ਪੈਲੇਸ ਵਿਚ ਹੋਣਾ ਸੀ। ਅਫਗਾਨਿਸਤਾਨ ਦੀ ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ। 

ਰਿਪੋਰਟ ਵਿਚ ਰਾਸ਼ਟਰਪਤੀ ਦੇ ਬੁਲਾਰੇ ਸੇਦਿਕ ਸੇਦਿੱਕੀ ਦੇ ਹਵਾਲੇ ਨਾਲ ਕਿਹਾ ਗਿਆ ਕਿ ਸਕੱਤਰੇਤ ਨੇ ਰਾਸ਼ਟਰਪਤੀ ਮੁਹੰਮਦ ਅਸ਼ਰਫ ਗਨੀ ਦੇ ਨਿਰਦੇਸ਼ 'ਤੇ ਅਫਗਾਨਿਸਤਾਨ ਦੇ 100ਵੇਂ ਸੁਤੰਤਰਤਾ ਦਿਵਸ ਦੇ ਆਯੋਜਨ ਨੂੰ ਟਾਲ ਦਿੱਤਾ ਹੈ। ਰਾਸ਼ਟਰਪਤੀ ਨੇ ਕਾਬੁਲ ਵਿਚ ਵਿਆਹ ਸਮਾਰੋਹ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਸਨਮਾਨ ਅਤੇ ਹਮਦਰਦੀ ਜ਼ਾਹਰ ਕਰਨ ਲਈ ਇਹ ਫੈਸਲਾ ਕੀਤਾ। ਬੁਲਾਰੇ ਨੇ ਅੱਗੇ ਦੱਸਿਆ ਕਿ ਰਾਸ਼ਟਰਪਤੀ ਦੇਸ਼ ਦੇ 100ਵੇਂ ਸੁਤੰਤਰਤਾ ਦਿਵਸ ਮੌਕੇ ਆਜ਼ਾਦੀ ਦਿਵਾਉਣ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਇਕ ਭਾਸ਼ਣ ਦੇਣਗੇ। ਇਸ ਮਗਰੋਂ ਉਹ ਸੁਤੰਤਰਤਾ ਮੀਨਾਰ 'ਤੇ ਫੁੱਲ ਭੇਂਟ ਕਰਨਗੇ। 

ਗੌਰਤਲਬ ਹੈ ਕਿ ਸ਼ਨੀਵਾਰ ਦੇਰ ਰਾਤ ਕਾਬੁਲ ਵਿਚ ਵਿਆਹ ਸਮਾਰੋਹ ਦੌਰਾਨ ਵਿਸਫੋਟਕਾਂ ਨਾਲ ਲੈਸ ਇਕ ਆਤਮਘਾਤੀ ਹਮਲਾਵਰ ਨੇ ਖੁਦ ਨੂੰ ਉਡਾ ਲਿਆ ਸੀ, ਜਿਸ ਵਿਚ 63 ਲੋਕ ਮਾਰੇ ਗਏ ਸਨ ਅਤੇ 182 ਜ਼ਖਮੀ ਹੋ ਗਏ ਸਨ। ਘਟਨਾ ਦੇ ਅਗਲੇ ਦਿਨ ਐਤਵਾਰ ਨੂੰ ਮਾਰੇ ਗਏ ਲੋਕਾਂ ਨੂੰ ਦਫਨਾਇਆ ਗਿਆ। ਇਨ੍ਹਾਂ ਵਿਚੋਂ ਜ਼ਿਆਦਾਤਰ ਲੋਕਾਂ ਨੂੰ ਸਮੂਹਿਕ ਰੂਪ ਨਾਲ ਦਫਨਾਇਆ ਗਿਆ। ਇਸ ਘਟਨਾ 'ਤੇ ਰਾਸ਼ਟਰਪਤੀ ਗਨੀ ਨੇ ਬਿਆਨ ਜਾਰੀ ਕਰਦਿਆਂ ਕਿਹਾ,''ਮੈਂ ਵੈਡਿੰਗ ਹਾਲ ਵਿਚ ਵਾਪਰੀ ਘਟਨਾ ਦੀ ਨਿੰਦਾ ਕਰਦਾ ਹਾਂ। ਫਿਲਹਾਲ ਮੇਰੀ ਸਰਵ ਉੱਚ ਤਰਜੀਹ ਇਸ ਭਿਆਨਕ ਹਮਲੇ ਦੇ ਪੀੜਤਾਂ ਦੇ ਪਰਿਵਾਰਾਂ ਦੀ ਮਦਦ ਕਰਨਾ ਹੈ।'' ਇਸ ਹਮਲੇ ਦੀ ਜ਼ਿੰਮੇਵਾਰੀ ਇਸਲਾਮਿਕ ਅੱਤਵਾਦੀਆਂ ਨੇ ਲਈ ਹੈ।


Vandana

Content Editor

Related News