ਅਫਗਾਨ ਰਾਜਦੂਤ ਦੀ ਧੀ ਨਾਲ PAK ’ਚ ਬੇਰਹਿਮੀ ਨਾਲ ਕੁੱਟਮਾਰ
Sunday, Jul 18, 2021 - 01:46 AM (IST)
ਇੰਟਰਨੈਸ਼ਨਲ ਡੈਸਕ : ਪਾਕਿਸਤਾਨ ’ਚ ਅਫਗਾਨਿਸਤਾਨ ਦੇ ਰਾਜਦੂਤ ਦੀ ਧੀ ਨੂੰ ਇਸਲਾਮਾਬਾਦ ਤੋਂ ਅਗਵਾ ਕਰ ਕੇ ਕਈ ਘੰਟਿਆਂ ਤਕ ਬੰਧਕ ਬਣਾਈ ਰੱਖਿਆ ਤੇ ਬੇਰਹਿਮੀ ਨਾਲ ਉਸ ਨਾਲ ਕੁੱਟਮਾਰ ਕੀਤੀ ਗਈ। ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਨੇ ਸ਼ਨੀਵਾਰ ਇਹ ਜਾਣਕਾਰੀ ਦਿੱਤੀ। ਅਫਗਾਨਿਸਤਾਨ ਦੇ ਰਾਜਦੂਤ ਦੀ ਧੀ ਸਿਲਸਿਲਾ ਅਲੀਖਿਲ (26) ਨਾਲ ਸ਼ੁੱਕਰਵਾਰ ਨੂੰ ਵਾਪਰੀ ਹੈਰਾਨ ਕਰਨ ਵਾਲੀ ਘਟਨਾ ਦੇ ਸਬੰਧ ਵਿਚ ਅਜੇ ਤੱਕ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਅਫਗਾਨਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਇਸ ਮਾਮਲੇ ਦੀ ਤੁਰੰਤ ਜਾਂਚ ਦੀ ਮੰਗ ਕਰਦਿਆਂ ਕਿਹਾ ਹੈ ਕਿ ਅਲੀਖਿਲ ਨੂੰ ‘ਬਹੁਤ ਤਸੀਹੇ ਦਿੱਤੇ ਗਏ’ ਸਨ।
ਇਹ ਵੀ ਪੜ੍ਹੋ : ਤੀਜੀ ਲਹਿਰ ਦੀ ਦਸਤਕ ? ਮਣੀਪੁਰ ’ਚ ਲੱਗਾ 10 ਦਿਨ ਦਾ ਪੂਰਨ ਲਾਕਡਾਊਨ
ਹਸਪਤਾਲ ਦੀ ਮੈਡੀਕਲ ਰਿਪੋਰਟ ’ਚ ਕਿਹਾ ਗਿਆ ਹੈ ਕਿ ਉਸ ਦੇ ਸਿਰ ’ਤੇ ਸੱਟ ਲੱਗੀ ਸੀ, ਉਸ ਦੇ ਗੁੱਟਾਂ ਅਤੇ ਲੱਤਾਂ ’ਤੇ ਰੱਸੀਆਂ ਦੇ ਨਿਸ਼ਾਨ ਸਨ ਅਤੇ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਸੀ। ਇਹ ਖਦਸ਼ਾ ਹੈ ਕਿ ਰਾਜਦੂਤ ਦੀ ਧੀ ਦੇ ਸਰੀਰ ਦੀਆਂ ਕਈ ਹੱਡੀਆਂ ਟੁੱਟ ਗਈਆਂ ਹਨ। ਰਿਪੋਰਟ ’ਚ ਕਿਹਾ ਗਿਆ ਹੈ ਕਿ ਉਸ ਨੂੰ ਪੰਜ ਘੰਟਿਆਂ ਤੋਂ ਵੀ ਜ਼ਿਆਦਾ ਸਮੇਂ ਲਈ ਬੰਧਕ ਬਣਾਇਆ ਗਿਆ ਸੀ ਅਤੇ ਇਸਲਾਮਾਬਾਦ ਪੁਲਸ ਉਸ ਨੂੰ ਹਸਪਤਾਲ ਲੈ ਗਈ। ਅਲੀਖਿਲ ਦੇ ਅਗਵਾ ਤੇ ਰਿਹਾਈ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਉਪਲੱਬਧ ਨਹੀਂ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ’ਚ ਕਿਹਾ, “ਡਿਪਲੋਮੈਟਿਕ ਮਿਸ਼ਨਾਂ, ਡਿਪਲੋਮੈਟਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੁਰੱਖਿਆ ਦਾ ਬਹੁਤ ਮਹੱਤਵ ਹੈ। ਅਜਿਹੀਆਂ ਘਟਨਾਵਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।”
ਇਹ ਵੀ ਪੜ੍ਹੋ : ਸੋਸ਼ਲ ਮੀਡੀਆ ਕੰਪਨੀਆਂ ’ਤੇ ਭੜਕੇ ਬਾਈਡੇਨ, ਕਿਹਾ-ਲੈ ਰਹੀਆਂ ਲੋਕਾਂ ਦੀਆਂ ਜਾਨਾਂ
ਪਾਕਿਸਤਾਨ ਨੇ ਇਸ ਹਮਲੇ ਨੂੰ ਪ੍ਰੇਸ਼ਾਨ ਕਰਨ ਵਾਲਾ ਦੱਸਿਆ ਅਤੇ ਕਿਹਾ ਕਿ ਇਸਲਾਮਾਬਾਦ ’ਚ ਅਫਗਾਨ ਰਾਜਦੂਤ ਦੇ ਘਰ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ। ਅਫਗਾਨਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਸ ਨੇ ‘ਇਸ ਘਿਨਾਉਣੇ ਕਾਰੇ’ ਦੀ ਸਖਤ ਨਿੰਦਾ ਕੀਤੀ ਅਤੇ ਪਾਕਿਸਤਾਨ ’ਚ ਅਫਗਾਨ ਰਾਜਦੂਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੁਰੱਖਿਆ ਬਾਰੇ ਚਿੰਤਾ ਜ਼ਾਹਿਰ ਕੀਤੀ। ਪਾਕਿਸਤਾਨ ਦੀ ਪ੍ਰਮੁੱਖ ਮਹਿਲਾ ਸੰਸਦ ਮੈਂਬਰ ਸ਼ੈਰੀ ਰਹਿਮਾਨ ਨੇ ਸ਼ੁੱਕਰਵਾਰ ਇਸ ਘਟਨਾ ਦੀ ਨਿੰਦਾ ਕੀਤੀ ਅਤੇ ਟਵੀਟ ਕੀਤਾ, “ਅਫਗਾਨਿਸਤਾਨ ਦੀ ਰਾਜਦੂਤ ਦੀ ਧੀ ਇਕ ਔਰਤ ਹੈ ਅਤੇ ਉਸ ਨੂੰ ਕੇਂਦਰੀ ਇਸਲਾਮਾਬਾਦ ’ਚ ਘੁੰਮਣ ’ਚ ਕਿਸੇ ਰੁਕਾਵਟ ਦਾ ਸਾਹਮਣਾ ਨਹੀਂ ਕਰਨਾ ਚਾਹੀਦਾ ਅਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਉਹ ਪਾਕਿਸਤਾਨ ਵਿਚ ਕੂਟਨੀਤਕ ਸੁਰੱਖਿਆ ਦੀ ਹੱਕਦਾਰ ਹੈ।” ਮਸ਼ਹੂਰ ਪਾਕਿਸਤਾਨੀ ਪੱਤਰਕਾਰ ਹਾਮਿਦ ਮੀਰ ਨੇ ਟਵੀਟ ਕਰ ਕੇ ਸਵਾਲ ਪੁੱਛਿਆ ਹੈ ਕਿ ਇਸਲਾਮਾਬਾਦ ’ਚ ਅਜਿਹੀ ਘਟਨਾ ਕਿਵੇਂ ਹੋ ਸਕਦੀ ਹੈ।’’ ਉਨ੍ਹਾਂ ਕਿਹਾ ਕਿ ਸ਼ਹਿਰ ’ਚ ਮਹਿੰਗੇ ਕੈਮਰੇ ਲਗਾਉਣ ਦਾ ਕੀ ਕੰਮ ਹੈ? ਉਨ੍ਹਾਂ ਕਿਹਾ ਕਿ ਇਸਲਾਮਾਬਾਦ ’ਚ ਪਾਕਿਸਤਾਨੀ ਪੱਤਰਕਾਰਾਂ ਅਤੇ ਇਥੋਂ ਤੱਕ ਕਿ ਇਕ ਪੁਲਸ ਅਧਿਕਾਰੀ ਨੂੰ ਅਗਵਾ ਕਰ ਲਿਆ ਗਿਆ ਹੈ, ਇਸ ਸਬੰਧ ਵਿੱਚ ਕੁਝ ਹੀ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਸੁਖਬੀਰ ਬਾਦਲ ਨੇ ਰਾਸ਼ਟਰਪਤੀ ਨੂੰ ਲਿਖੀ ਚਿੱਠੀ, PU ’ਚ ਪ੍ਰਸ਼ਾਸਕੀ ਸੁਧਾਰਾਂ ਨੂੰ ਲੈ ਕੇ ਕੀਤੀ ਵੱਡੀ ਅਪੀਲ