ਐਰੋਬਿਕ ਕਸਰਤ ਨਾਲ ਵਧ ਸਕਦੈ ਦਿਮਾਗ ਦਾ ਆਕਾਰ: ਅਧਿਐਨ

11/14/2017 3:26:49 PM

ਮੈਲਬੌਰਨ(ਭਾਸ਼ਾ)— ਇਕ ਨਵੇਂ ਅਧਿਐਨ ਮੁਤਾਬਕ ਐਰੋਬਿਕ ਕਸਰਤ ਨਾਲ ਉਮਰ ਵਧਣ ਦੇ ਨਾਲ-ਨਾਲ ਯਾਦਦਾਸ਼ਤ ਵਿਚ ਸੁਧਾਰ ਹੁੰਦਾ ਹੈ ਅਤੇ ਦਿਮਾਗ ਤੰਦਰੁਸਤ ਬਣਿਆ ਰਹਿੰਦਾ ਹੈ। ਆਸਟ੍ਰੇਲੀਆ ਦੀ ਵੈਸਟਰਨ ਸਿਡਨੀ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਦਿਮਾਗ ਦੇ ਇਕ ਹਿੱਸੇ ਹਿੱਪੋਕੈਮਪਸ ਉੱਤੇ ਐਰੋਬਿਕ ਕਸਰਤ ਦੇ ਪ੍ਰਭਾਵ ਦੀ ਸਮੀਖਿਆ ਕੀਤੀ। ਹਿੱਪੋਕੈਮਪਸ ਯਾਦਦਾਸ਼ਤ ਅਤੇ ਦਿਮਾਗ ਦੀ ਕਾਰਜ ਪ੍ਰਣਾਲੀ ਲਈ ਅਹਿਮ ਹੈ। ਉਮਰ ਵਧਣ ਨਾਲ ਦਿਮਾਗ ਕਮਜ਼ੋਰ ਹੁੰਦਾ ਜਾਂਦਾ ਹੈ। 40 ਸਾਲ ਦੀ ਉਮਰ ਤੋਂ ਬਾਅਦ ਹਰ ਦਹਾਕੇ ਵਿਚ ਕਰੀਬ 5 ਫ਼ੀਸਦੀ ਦਿਮਾਗ ਸੁੰਗੜ ਜਾਂਦਾ ਹੈ। ਖੋਜਕਾਰਾਂ ਨੇ 14 ਕਲੀਨਿਕ ਪ੍ਰੀਖਣਾਂ ਦੀ ਵਿਵਸਥਿਤ ਤਰੀਕੇ ਨਾਲ ਸਮੀਖਿਆ ਕੀਤੀ, ਜਿਨ੍ਹਾਂ ਵਿਚ ਐਰੋਬਿਕ ਕਸਰਤ ਪ੍ਰੋਗਰਾਮਾਂ ਤੋਂ ਬਾਅਦ ਜਾਂ ਨਿਯੰਤਰਿਤ ਹਾਲਾਤਾਂ ਵਿਚ 737 ਲੋਕਾਂ ਦੇ ਦਿਮਾਗ ਦੇ ਸਕੈਨ ਦਾ ਪ੍ਰੀਖਣ ਕੀਤਾ ਗਿਆ। ਪਤ੍ਰਿਕਾ ਨਿਊਰੋਈਮੇਜ ਵਿਚ ਪ੍ਰਕਾਸ਼ਿਤ ਨਤੀਜੇ ਅਨੁਸਾਰ ਕਸਰਤ ਦਾ ਹਿੱਪੋਕੈਮਪਲ ਦੇ ਕੁਲ ਸਰੂਪ ਉੱਤੇ ਕੋਈ ਪ੍ਰਭਾਵ ਨਹੀਂ ਪਿਆ ਪਰ ਇਸ ਨਾਲ ਮਨੁੱਖਾਂ ਵਿਚ ਹਿੱਪੋਕੈਮਪਸ ਦੇ ਖੱਬੇ ਭਾਗ ਦੇ ਸਰੂਪ ਵਿਚ ਕਾਫ਼ੀ ਵਾਧਾ ਹੋਇਆ। ਵੈਸਟਰਨ ਸਿਡਨੀ ਯੂਨੀਵਰਸਿਟੀ ਵਿਚ ਨੈਸ਼ਨਲ ਇੰਸਟੀਚਿਊਟ ਆਫ ਕਾਂਪਲੀਮੈਂਟਰੀ ਮੈਡੀਸਿਨ ਦੇ ਜੋਸੇਫ ਫਿਰਥ ਨੇ ਕਿਹਾ, ''ਜਦੋਂ ਤੁਸੀਂ ਕਸਰਤ ਕਰਦੇ ਹੋ ਤਾਂ 'ਬਰੇਨ ਡਿਰਾਈਵਡ ਨਿਊਰੋਟਰਾਫਿਕ ਫੈਕਟਰ' ਨਾਮਕ ਰਸਾਇਣ ਪੈਦਾ ਹੁੰਦਾ ਹੈ ਜੋ ਉਮਰ ਨਾਲ ਦਿਮਾਗ ਨੂੰ ਕਮਜ਼ੋਰ ਹੋਣ ਤੋਂ ਰੋਕ ਸਕਦਾ ਹੈ।''


Related News