ਭਾਰਤ 'ਚ ਤੇਜ਼ੀ ਨਾਲ ਵਧ ਰਿਹਾ ਮੋਬਾਈਲ ਦਾ ਉਤਪਾਦਨ
Wednesday, Apr 03, 2024 - 05:14 PM (IST)
ਨਵੀਂ ਦਿੱਲੀ- ਦੇਸ਼ 'ਚ ਮੋਬਾਇਲ ਫੋਨ ਦਾ ਉਤਪਾਦਨ ਤੇਜ਼ੀ ਨਾਲ ਵਧ ਰਿਹਾ ਹੈ। ਵਿੱਤੀ ਸਾਲ 2024 ਦੌਰਾਨ ਕਰੀਬ 4.10 ਲੱਖ ਕਰੋੜ ਦੀ ਕੀਮਤ ਦੇ ਮੋਬਾਇਲ ਫੋਨ ਦਾ ਉਤਪਾਦਨ ਹੋਣ ਦਾ ਅਨੁਮਾਨ ਹੈ ਜੋ ਇਕ ਸਾਲ ਪਹਿਲਾਂ ਦੇ ਮੁਕਾਬਲੇ ਕਰੀਬ 17 ਫੀਸਦੀ ਜ਼ਿਆਦਾ ਹੈ।
ਮੋਬਾਇਲ ਫੋਨ ਨਿਰਮਾਤਾਵਾਂ ਦੇ ਸੰਗਠਨ ਇੰਡੀਅਨ ਸੈਲੁਲਰ ਐਂਡ ਇਲੈਕਟ੍ਰੋਨਿਕਸ ਐਸੋਸੀਏਸ਼ਨ (ICEA) ਦੇ ਸ਼ੁਰੂਆਤੀ ਅਨੁਮਾਰ ਤੋਂ ਇਹ ਖੁਲਾਸਾ ਹੋਇਆ ਹੈ। ਆਖਰੀ ਅੰਕੜੇ 'ਤੇ ਕੰਮ ਅਜੇ ਜਾਰੀ ਹੈ ਪਰ ਇਸ ਵਿਚ 5,000 ਕਰੋੜ ਰੁਪਏ ਦਾ ਹੋਰ ਵਾਧਾ ਹੋ ਸਕਦਾ ਹੈ।
ਐਪਲ ਇੰਕ ਦੀ ਅਗਵਾਈ 'ਚ ਇਸ ਸਮੇਂ ਦੌਰਾਨ ਲਗਭਗ 1,20,000 ਕਰੋੜ ਰੁਪਏ ਦੇ ਮੋਬਾਈਲ ਫੋਨਾਂ ਦੀ ਬਰਾਮਦ ਕੀਤੀ ਗਈ, ਜੋ ਇਕ ਸਾਲ ਪਹਿਲਾਂ 90,000 ਕਰੋੜ ਰੁਪਏ ਦੇ ਨਿਰਯਾਤ ਤੋਂ 33 ਫੀਸਦੀ ਜ਼ਿਆਦਾ ਹੈ। ਵਿੱਤੀ ਸਾਲ 2024 ਵਿੱਚ ਨਿਰਯਾਤ ਕੁੱਲ ਉਤਪਾਦਨ ਮੁੱਲ ਦਾ ਲਗਭਗ 30 ਫੀਸਦੀ ਹੋਵੇਗਾ। ਵਿੱਤੀ ਸਾਲ 2023 'ਚ ਇਹ ਕੁੱਲ ਉਤਪਾਦਨ ਦਾ ਲਗਭਗ 25 ਫੀਸਦੀ ਸੀ। ਹਾਲਾਂਕਿ ਇਲੈਕਟ੍ਰੋਨਿਕਸ ਨੀਤੀ ਤਹਿਤ ਬਰਾਮਦ ਅਜੇ ਵੀ ਸਰਕਾਰ ਦੇ ਟੀਚੇ ਤੋਂ ਕਾਫੀ ਦੂਰ ਹੈ। ਸਰਕਾਰ ਨੇ ਵਿੱਤੀ ਸਾਲ 2026 ਤੱਕ 52 ਤੋਂ 58 ਅਰਬ ਡਾਲਰ ਦੀ ਬਰਾਮਦ ਦਾ ਟੀਚਾ ਰੱਖਿਆ ਹੈ।
ਘਰੇਲੂ ਬਾਜ਼ਾਰ ਵਿੱਚ ਮੋਬਾਈਲ ਫੋਨਾਂ ਦੀ ਮਾਤਰਾਤਮਕ ਵਿਕਰੀ ਲਗਭਗ ਸਥਿਰ ਹੋ ਗਈ ਹੈ। ਇਸ ਦੇ ਬਾਵਜੂਦ ਮੋਬਾਈਲ ਫੋਨਾਂ ਦਾ ਉਤਪਾਦਨ ਮੁੱਲ ਦੇ ਲਿਹਾਜ਼ ਨਾਲ ਲਗਾਤਾਰ ਵਧ ਰਿਹਾ ਹੈ। ਦੇਸ਼ ਵਿੱਚ ਸਮਾਰਟਫ਼ੋਨ ਦੀ ਮਾਤਰਾਤਮਕ ਵਿਕਰੀ 14.5 ਤੋਂ 15 ਕਰੋੜ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਸਮਾਰਟਫ਼ੋਨ ਦੀ ਔਸਤ ਵਿਕਰੀ ਕੀਮਤ ਵਧੀ ਹੈ ਕਿਉਂਕਿ ਮਹਿੰਗੇ ਫ਼ੋਨਾਂ ਵੱਲ ਗਾਹਕਾਂ ਦਾ ਝੁਕਾਅ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ 5ਜੀ ਫੋਨਾਂ ਦੀ ਖਰੀਦਦਾਰੀ ਵਿੱਚ ਵਾਧੇ ਨੇ ਔਸਤ ਵਿਕਰੀ ਮੁੱਲ ਨੂੰ ਵੀ ਹੁਲਾਰਾ ਦਿੱਤਾ ਹੈ।