''ਆਸਟ੍ਰੇਲੀਆਈ ਭਵਿੱਖ ਫੰਡ'' ਵਿਚੋਂ ਅਡਾਨੀ ਗਰੁੱਪ ਲਈ 32 ਲੱਖ ਡਾਲਰ ਦਾ ਨਿਵੇਸ਼, ਹੋਈ ਅਲੋਚਨਾ

Tuesday, Dec 22, 2020 - 12:52 PM (IST)

''ਆਸਟ੍ਰੇਲੀਆਈ ਭਵਿੱਖ ਫੰਡ'' ਵਿਚੋਂ ਅਡਾਨੀ ਗਰੁੱਪ ਲਈ 32 ਲੱਖ ਡਾਲਰ ਦਾ ਨਿਵੇਸ਼, ਹੋਈ ਅਲੋਚਨਾ

ਬ੍ਰਿਸਬੇਨ, (ਸੁਰਿੰਦਰਪਾਲ ਸਿੰਘ ਖੁਰਦ)- ਵੱਡੇ ਕਾਰਪੋਰੇਟ ਘਰਾਣਿਆਂ ਵੱਲੋਂ ਸਮੁੱਚੇ ਵਿਸ਼ਵ ‘ਚ ਹੋ ਰਹੇ ਨਿਵੇਸ਼ ਦੇ ਚੱਲਦਿਆਂ ਆਸਟ੍ਰੇਲੀਆਈ ਸੰਘੀ ਸਰਕਾਰ ਵੱਲੋਂ ਦੇਸ਼ ਦੇ ‘ਭਵਿੱਖ ਫੰਡ’ ‘ਚੋਂ ਅਡਾਨੀ ਗਰੁੱਪ ਦੇ ਵਿਵਾਦਤ ਕਾਰਮੀਕਲ ਕੋਲਾ ਖਾਨ ਤੋਂ ਗ੍ਰੇਟ ਬੈਰੀਅਰ ਰੀਫ਼ ਦੀ ਇਕ ਬੰਦਰਗਾਹ ਤੱਕ ਰੇਲ ਲਿੰਕ ਲਈ 32 ਲੱਖ ਡਾਲਰ ਦਾ ਫੰਡ ਦਿੱਤਾ ਗਿਆ ਹੈ। 

ਇੰਟਰਨੈਸ਼ਨਲ ਜਸਟਿਸ ਵਲੋਂ ਜਾਣਕਾਰੀ ਦੀ ਆਜ਼ਾਦੀ ਦੇ ਕਾਨੂੰਨਾਂ ਤਹਿਤ ਬੇਨਤੀ ਕੀਤੇ ਦਸਤਾਵੇਜ਼ਾਂ ‘ਚ ਪਾਇਆ ਗਿਆ ਹੈ ਕਿ ਕਰਦਾਤਾਵਾਂ ਦਾ ਇਹ 60.5 ਅਰਬ ਡਾਲਰ ਦਾ ਫੰਡ 2006 ਵਿਚ ਸਥਾਪਤ ਕੀਤਾ ਗਿਆ ਸੀ। ਆਸਟ੍ਰੇਲੀਆਈ ਸੈਂਟਰ ਫਾਰ ਇੰਟਰਨੈਸ਼ਨਲ ਜਸਟਿਸ ਦੇ ਮਨੁੱਖੀ ਅਧਿਕਾਰਾਂ ਦੇ ਵਕੀਲ ਰਾਵਣ ਅਰਾਫ ਨੇ ਕਿਹਾ ਹੈ ਕਿ ਭਵਿੱਖ ਫੰਡ ਨੂੰ ਮਿਆਂਮਾਰ ਦੀ ਫ਼ੌਜ ਨਾਲ ਸੰਬੰਧ ਹੋਣ ਕਰਕੇ ਅਡਾਨੀ ਬੰਦਰਗਾਹਾਂ ਤੋਂ ਆਪਣੀਆਂ ਸਾਰੀਆਂ ਜਾਇਦਾਦਾਂ ਨੂੰ ਹਟਾ ਦੇਣਾ ਚਾਹੀਦਾ ਹੈ। ਉੱਧਰ ਸੰਯੁਕਤ ਰਾਸ਼ਟਰ ਨੇ ਇਸ ਦੀ ਅਲੋਚਨਾ ‘ਚ ਕਿਹਾ ਹੈ ਕਿ ਕੋਈ ਵੀ ਕਾਰੋਬਾਰ ਮਿਆਂਮਾਰ ਦੇ ਸੁਰੱਖਿਆ ਬਲਾਂ ਨਾਲ ਕਿਸੇ ਵੀ ਤਰਾਂ ਦੇ ਵਪਾਰਕ ਸੰਬੰਧ ਵਿਚ ਨਹੀਂ ਰਹਿਣਾ ਚਾਹੀਦਾ। 
ਵਾਤਾਵਰਨ ਸ਼ਾਸਤਰੀਆਂ ਨੇ ਵੀ ਅਡਾਨੀ ਦੀ ਕੋਲਾ ਖਾਨ ਦੇ ਵਿਰੁੱਧ ਮੁਹਿੰਮ ਅਰੰਭੀ ਹੈ। ਮਾਰਕੀਟ ਫੋਰਸਿਜ਼ ਦੇ ਪਾਬਲੋ ਬ੍ਰੇਟ ਨੇ ਕਿਹਾ, “ਕੋਲੇ ਦੀ ਇਕ ਨਵੀਂ ਥਰਮਲ ਖਾਣ ਦੀ ਉਸਾਰੀ ਵਾਤਾਵਰਣ ਅਤੇ ਮੌਸਮ ਲਈ ਗੰਭੀਰ ਸੰਕਟ ਬਣ ਸਕਦੀ ਹੈ। ਅਡਾਨੀ ਦੇ ਇਕ ਬੁਲਾਰੇ ਨੇ ਕਿਹਾ ਹੈ ਕਿ ਅਡਾਨੀ ਸਮੂਹ ਮਨੁੱਖੀ ਅਧਿਕਾਰ ਪਰਿਸ਼ਦ ਦੀ ਤੱਥ-ਖੋਜ ਰਿਪੋਰਟ ਅਤੇ ਮਿਆਂਮਾਰ ਦੇ ਲੋਕਾਂ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਬਾਰੇ ਇਸ ਦੀਆਂ ਚਿੰਤਾਵਾਂ ਨੂੰ ਗੰਭੀਰਤਾ ਨਾਲ ਲੈਂਦਾ ਹੈ। ਦੱਸਣਯੋਗ ਹੈ ਕਿ ਕੋਲੇ ਨੂੰ ਬੰਦਰਗਾਹ ਵਿਚ ਲਿਜਾਣ ਲਈ ਅਡਾਨੀ ਨੇ ਆਪਣੀ ਬੋਵੇਨ ਰੇਲ ਕੰਪਨੀ ਬਣਾਈ ਸੀ ਅਤੇ ਇਸ ਦੀ ਪੂਰੀ ਮਲਕੀਅਤ ਅਡਾਨੀ ਪੋਰਟਸ ਦੀ ਹੈ। 

ਇਹ ਪ੍ਰਸਤਾਵਿਤ ਰੇਲ ਮਾਰਗ ਦੀ ਮਾਈਨਿੰਗ ਕੰਪਨੀ ਅਡਾਨੀ ਕੇਂਦਰੀ ਕੁਈਨਜ਼ਲੈਂਡ ਤੋਂ ਐਬੋਟ ਪੁਆਇੰਟ ਤੱਕ ਕੋਲੇ ਦਾ ਪ੍ਰਬੰਧ ਕਰੇਗੀ। ਕੁਈਨਜ਼ਲੈਂਡ ਸਰਕਾਰ ਨੇ ਪਿਛਲੇ ਸਾਲ ਅਡਾਨੀ ਨੂੰ ਵਾਤਾਵਰਣ ਦੀ ਮਨਜ਼ੂਰੀ ਦੇ ਦਿੱਤੀ ਸੀ ਅਤੇ ਹੁਣ ਅਡਾਨੀ ਸਮੂਹ ਨੂੰ ਰਾਸ਼ਟਰਮੰਡਲ ਅਤੇ ਕੁਈਨਜ਼ਲੈਂਡ ਦੀਆਂ ਸਰਕਾਰੀ ਪ੍ਰਕਿਰਿਆਵਾਂ ਤਹਿਤ ਆਸਟਰੇਲੀਆ ਵਿੱਚ ਕਾਰੋਬਾਰ ਅਤੇ ਉਸਾਰੀ ਕਰਨ ਲਈ ਮਨਜ਼ੂਰੀ ਹੈ।


author

Lalita Mam

Content Editor

Related News