''ਪੰਜਾਬ ਕੇਸਰੀ ਗਰੁੱਪ'' ਖ਼ਿਲਾਫ਼ ਕਾਰਵਾਈ ਮੀਡੀਆ ਨੂੰ ਦਬਾਉਣ ਦੀ ਕੋਸ਼ਿਸ਼, ਕਾਂਗਰਸੀ ਆਗੂ ਦਾ ਬਿਆਨ
Wednesday, Feb 11, 2026 - 10:38 AM (IST)
ਚੰਡੀਗੜ੍ਹ (ਅੰਕੁਰ ਤਾਂਗੜੀ) : ਪੰਜਾਬ ਦੀ ਸਿਆਸਤ 'ਚ ਇੱਕ ਵਾਰ ਫਿਰ ਤਿੱਖੀ ਬਿਆਨਬਾਜ਼ੀ ਸਾਹਮਣੇ ਆਈ ਹੈ। 'ਪੰਜਾਬ ਕੇਸਰੀ ਗਰੁੱਪ' ਅਤੇ ਪੰਜਾਬ ਸਰਕਾਰ ਵਿਚਾਲੇ ਚੱਲ ਰਹੇ ਵਿਵਾਦ ਦਰਮਿਆਨ ਕਾਂਗਰਸ ਪਾਰਟੀ ਦੇ ਸੀਨੀਅਰ ਬੁਲਾਰੇ ਸੁਖਦੇਵ ਸਿੰਘ ਨੇ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਜੇਕਰ 'ਪੰਜਾਬ ਕੇਸਰੀ ਗਰੁੱਪ' ਜਾਂ ਹੋਰ ਮੀਡੀਆ ਘਰਾਣੇ ਸਰਕਾਰ ਖ਼ਿਲਾਫ ਸੱਚਾਈ ਸਾਹਮਣੇ ਲਿਆਉਂਦੇ ਹਨ ਤਾਂ ਉਨ੍ਹਾਂ ‘ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਹਾਲ ਹੀ 'ਚ ਸੁਪਰੀਮ ਕੋਰਟ ਨੇ ਵੀ 'ਪੰਜਾਬ ਕੇਸਰੀ' ਮਾਮਲੇ 'ਚ ਅੰਤਰਿਮ ਰਾਹਤ ਦਿੰਦੇ ਹੋਏ ਪੰਜਾਬ ਸਰਕਾਰ ਨੂੰ ਅਖ਼ਬਾਰ ਦੀ ਪ੍ਰਿੰਟਿੰਗ ਪ੍ਰੈੱਸ ਖ਼ਿਲਾਫ਼ ਕੋਈ ਜ਼ਬਰਦਸਤੀ ਕਾਰਵਾਈ ਨਾ ਕਰਨ ਲਈ ਕਿਹਾ ਸੀ। ਅਖ਼ਬਾਰ ਗਰੁੱਪ ਨੇ ਅਦਾਲਤ 'ਚ ਦਲੀਲ ਦਿੱਤੀ ਸੀ ਕਿ ਸਰਕਾਰ ਵੱਲੋਂ ਬਿਜਲੀ ਕੱਟਣ ਅਤੇ ਕਾਰਵਾਈ ਕਰਨਾ ਨਕਾਰਾਤਮਕ ਖ਼ਬਰਾਂ ਦੇ ਬਦਲੇ ਦੀ ਕਾਰਵਾਈ ਸੀ, ਜਦੋਂ ਕਿ ਸਰਕਾਰ ਨੇ ਇਸ ਨੂੰ ਕਾਨੂੰਨੀ ਉਲੰਘਣਾ ਨਾਲ ਜੋੜਿਆ। ਇਸ ਤੋਂ ਪਹਿਲਾਂ 'ਪੰਜਾਬ ਕੇਸਰੀ ਗਰੁੱਪ' ਨੇ ਵੀ ਦਾਅਵਾ ਕੀਤਾ ਸੀ ਕਿ ਸਰਕਾਰ ਵੱਲੋਂ ਇਸ਼ਤਿਹਾਰ ਰੋਕਣ, ਛਾਪੇ ਮਾਰਨ ਅਤੇ ਰੈਗੂਲੇਟਰੀ ਕਾਰਵਾਈਆਂ ਕਰਨ ਵਰਗੇ ਕਦਮ ਮੀਡੀਆ ਨੂੰ ਡਰਾਉਣ ਦੀ ਕੋਸ਼ਿਸ਼ ਹਨ, ਹਾਲਾਂਕਿ ਸਰਕਾਰ ਵੱਲੋਂ ਕਾਨੂੰਨੀ ਕਾਰਵਾਈ ਦਾ ਜ਼ਿਕਰ ਕੀਤਾ ਗਿਆ ਸੀ।
ਕਾਂਗਰਸ ਦਾ ਹਮਲਾ -ਸਰਕਾਰ ਹਰ ਮੋਰਚੇ ‘ਤੇ ਫੇਲ੍ਹ
ਕਾਂਗਰਸ ਦੇ ਬੁਲਾਰੇ ਸੁਖਦੇਵ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕਈ ਵੱਡੇ ਵਾਅਦੇ ਕੀਤੇ ਸਨ ਪਰ ਉਨ੍ਹਾਂ ਵਿੱਚੋਂ ਜ਼ਿਆਦਾਤਰ ਪੂਰੇ ਨਹੀਂ ਹੋਏ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਨੇ ਰੁਜ਼ਗਾਰ, ਕਾਨੂੰਨ-ਵਿਵਸਥਾ, ਅਰਥ ਵਿਵਸਥਾ ਅਤੇ ਸਿਹਤ ਸੈਕਟਰ 'ਚ ਕੋਈ ਵੱਡਾ ਸੁਧਾਰ ਨਹੀਂ ਕੀਤਾ।
ਇਸ ਤੋਂ ਪਹਿਲਾਂ ਵੀ ਕਾਂਗਰਸ ਆਗੂਆਂ ਵੱਲੋਂ ਇਹ ਦੋਸ਼ ਲਗਾਏ ਜਾਂਦੇ ਰਹੇ ਹਨ ਕਿ ਆਪ ਸਰਕਾਰ ਦਾ ਤਿੰਨ ਸਾਲ ਦਾ ਕਾਰਜਕਾਲ ਨਾਕਾਮੀਆਂ ਅਤੇ ਭ੍ਰਿਸ਼ਟਾਚਾਰ ਨਾਲ ਭਰਿਆ ਰਿਹਾ ਅਤੇ ਸਰਕਾਰ ਅਰਥ ਵਿਵਸਥਾ, ਕਾਨੂੰਨ-ਵਿਵਸਥਾ, ਸਿਹਤ, ਨੌਕਰੀਆਂ ਅਤੇ ਨਿਵੇਸ਼ ਵਰਗੇ ਮੋਰਚਿਆਂ ‘ਤੇ ਫੇਲ੍ਹ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਚੋਣ ਵਾਅਦੇ ਪੂਰੇ ਕਰਨ 'ਚ ਅਸਫ਼ਲ ਰਹੀ ਹੈ ਅਤੇ ਲੋਕਾਂ 'ਚ ਨਾਰਾਜ਼ਗੀ ਵੱਧ ਰਹੀ ਹੈ।
ਮੀਡੀਆ ‘ਤੇ ਕਾਰਵਾਈ ਦੇ ਦੋਸ਼
ਸੁਖਦੇਵ ਸਿੰਘ ਨੇ ਦੋਸ਼ ਲਗਾਇਆ ਕਿ ਜੇਕਰ ਪੱਤਰਕਾਰ ਜਾਂ ਮੀਡੀਆ ਘਰਾਣੇ ਸਰਕਾਰ ਦੀ ਆਲੋਚਨਾ ਕਰਦੇ ਹਨ ਤਾਂ ਉਨ੍ਹਾਂ ਖ਼ਿਲਾਫ਼ ਪਰਚੇ ਦਰਜ ਕਰਵਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਹ ਲੋਕਤੰਤਰ ਅਤੇ ਪ੍ਰੈੱਸ ਦੀ ਆਜ਼ਾਦੀ ਲਈ ਖ਼ਤਰਨਾਕ ਹੈ। ਪੰਜਾਬ ਕੇਸਰੀ ਗਰੁੱਪ ਨੇ ਵੀ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਦਫ਼ਤਰਾਂ ਅਤੇ ਕਾਰੋਬਾਰਾਂ ‘ਤੇ ਛਾਪੇ ਮਾਰੇ ਗਏ ਅਤੇ ਇਹ ਸਭ ਕੁੱਝ ਸਰਕਾਰ ਵਿਰੋਧੀ ਖ਼ਬਰਾਂ ਛਾਪਣ ਤੋਂ ਬਾਅਦ ਸ਼ੁਰੂ ਹੋਇਆ।
ਇਸ਼ਤਿਹਾਰਬਾਜ਼ੀ ‘ਤੇ ਵੀ ਸਿਆਸੀ ਟਕਰਾਅ
ਕਾਂਗਰਸ ਵੱਲੋਂ ਇਹ ਵੀ ਦੋਸ਼ ਲਗਾਇਆ ਗਿਆ ਕਿ ਆਪ ਸਰਕਾਰ ਜ਼ਿਆਦਾਤਰ ਧਿਆਨ ਇਸ਼ਤਿਹਾਰਾਂ ਅਤੇ ਪ੍ਰਚਾਰ ‘ਤੇ ਦੇ ਰਹੀ ਹੈ। ਕਾਂਗਰਸ ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਹਕੀਕਤੀ ਵਿਕਾਸ ਦੀ ਬਜਾਏ ਪ੍ਰਚਾਰ ਨੂੰ ਤਰਜ਼ੀਹ ਦੇ ਰਹੀ ਹੈ। ਇਸ ਤਰ੍ਹਾਂ ਦੇ ਦੋਸ਼ ਪਹਿਲਾਂ ਵੀ ਵਿਰੋਧੀ ਪਾਰਟੀਆਂ ਵੱਲੋਂ ਲਗਾਏ ਜਾਂਦੇ ਰਹੇ ਹਨ ਕਿ ਸਰਕਾਰ ਲੋਕਾਂ ਦੀਆਂ ਅਸਲ ਸਮੱਸਿਆਵਾਂ ਹੱਲ ਕਰਨ ਦੀ ਬਜਾਏ ਸਿਆਸੀ ਮੈਸੇਜਿੰਗ ‘ਤੇ ਧਿਆਨ ਦੇ ਰਹੀ ਹੈ।
