ਕੈਨੇਡਾ ਦੇ ਇਸ ਸ਼ਹਿਰ 'ਚ ਡਰ ਦਾ ਮਾਹੌਲ, ਦੋ ਪੰਜਾਬੀਆਂ ਦੇ ਕਤਲ ਮਗਰੋਂ ਇਕ ਹੋਰ ਨੌਜਵਾਨ ਜ਼ਖਮੀ
Wednesday, Aug 09, 2017 - 08:38 AM (IST)
ਸਰੀ— ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਐਬਟਸਫੋਰਡ 'ਚ ਦੋ-ਤਿੰਨ ਦਿਨਾਂ 'ਚ ਦੋ ਨੌਜਵਾਨਾਂ 'ਤੇ ਜਾਨਲੇਵਾ ਹਮਲੇ ਕੀਤੇ ਗਏ , ਜਿਨ੍ਹਾਂ 'ਚੋਂ ਇਕ ਦੀ ਮੌਤ ਹੋ ਗਈ ਹੈ। ਪੁਲਸ ਦਾ ਕਹਿਣਾ ਹੈ ਕਿ ਇਹ ਇਕ ਸੋਚੀ ਸਮਝੀ ਸਾਜਸ਼ ਤਹਿਤ ਨਿਸ਼ਾਨੇ 'ਤੇ ਹਨ। ਐਬਟਸਫੋਰਡ 'ਚ ਐਤਵਾਰ ਤੜਕੇ 4 ਵਜੇ 18 ਸਾਲਾ ਨੌਜਵਾਨ ਨੂੰ ਜ਼ਖਮੀ ਕੀਤਾ ਗਿਆ। ਸ਼ੱਕ ਹੈ ਕਿ ਇਹ ਕੋਈ ਪੰਜਾਬੀ ਨੌਜਵਾਨ ਹੋ ਸਕਦਾ ਹੈ ਪਰ ਪੱਕੇ ਤੌਰ 'ਤੇ ਅਜੇ ਕਿਹਾ ਨਹੀਂ ਜਾ ਸਕਦਾ। ਪੁਲਸ ਦਾ ਕਹਿਣਾ ਹੈ ਕਿ ਇਹ ਨੌਜਵਾਨ ਖਤਰੇ ਤੋਂ ਬਾਹਰ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਜਸਪ੍ਰੀਤ ਸਿੱਧੂ ਨਾਂ ਦੇ 18 ਸਾਲਾ ਨੌਜਵਾਨ ਨੂੰ ਗੋਲੀਆਂ ਨਾਲ ਭੁੰਨ੍ਹ ਦਿੱਤਾ ਗਿਆ ਸੀ, ਜਿਸ ਦੀ ਹਸਪਤਾਲ 'ਚ ਮੌਤ ਹੋ ਗਈ ਸੀ।

ਪੁਲਸ ਨੇ ਦੱਸਿਆ ਕਿ ਇਨ੍ਹਾਂ ਦੋਹਾਂ ਕਤਲਾਂ ਦੀਆਂ ਤਾਰਾਂ ਇਕ-ਦੂਜੇ ਨਾਲ ਜੁੜੀਆਂ ਲੱਗਦੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ 'ਚੋਂ ਇਕ ਨੂੰ ਤਾਂ ਖਾਸ ਤੌਰ 'ਤੇ ਘਰੋਂ ਬੁਲਾਇਆ ਗਿਆ ਸੀ। ਇਸ ਤੋਂ ਪਹਿਲਾਂ ਬ੍ਰਿਟਿਸ਼ ਕੋਲੰਬੀਆ 'ਚ ਪੰਜਾਬਣ ਕੁੜੀ ਭਵਕਿਰਨ ਕੌਰ ਦੀ ਲਾਸ਼ ਮਿਲੀ ਸੀ ਅਤੇ ਉਸ ਨੂੰ ਵੀ ਮਾਰ ਕੇ ਇਕ ਸੜੀ ਹੋਈ ਕਾਰ 'ਚ ਰੱਖ ਦਿੱਤਾ ਗਿਆ ਸੀ। ਇਨ੍ਹਾਂ ਸਾਰੇ ਮਾਮਲਿਆਂ ਦੀ ਜਾਂਚ ਚੱਲ ਰਹੀ ਹੈ ਅਤੇ ਭਾਈਚਾਰੇ 'ਚ ਡਰ ਅਤੇ ਦੁਖ ਦਾ ਮਾਹੌਲ ਹੈ।
