ਕੈਨੇਡਾ ''ਚ ਪੰਜਾਬੀ ਨੌਜਵਾਨ ਨੇ ਡਰਾਈਵਰ ''ਤੇ ਤਾਣੀ ਪਿਸਤੌਲ, ਪੁਲਸ ਨੇ ਕੀਤਾ ਗ੍ਰਿਫ਼ਤਾਰ

10/28/2020 9:38:33 PM

ਵੈਨਕੁਵਰ- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਐਬਟਸਫ਼ੋਰਡ ਸ਼ਹਿਰ ਵਿਚ 21 ਸਾਲਾ ਪੰਜਾਬੀ ਨੌਜਵਾਨ ਨੂੰ ਇਕ ਡਰਾਈਵਰ 'ਤੇ ਪਿਸਤੌਲ ਤਾਣਨ ਦੇ ਮਾਮਲੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਮਾਮਲਾ 23 ਅਕਤੂਬਰ ਦੇ ਤੜਕੇ 1.30 ਵਜੇ ਦਾ ਹੈ। ਐਬਟਸਫ਼ੋਰਡ ਪੁਲਸ ਮੁਤਾਬਕ 21 ਸਾਲਾ ਗੁਰਕੀਰਤ ਸਿੰਘ ਤੂਰ ਕਿਰਾਏ 'ਤੇ ਲਈ ਗੱਡੀ ਵਿਚ ਜਾ ਰਿਹਾ ਸੀ, ਜਦੋਂ ਟਾਊਨ ਲਾਈਨ ਰੋਡ ਅਤੇ ਸਾਊਦਰਨ ਡਰਾਈਵ ਨੇੜੇ ਉਸ ਨੇ ਇਕ ਡਰਾਈਵਰ 'ਤੇ ਪਿਸਤੌਲ ਤਾਣ ਦਿੱਤੀ।

ਪੁਲਸ ਨੇ ਦੱਸਿਆ ਕਿ ਪਿਸਤੌਲ ਵੇਖ ਕੇ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ, ਜਦਕਿ ਤੇਜ਼ ਰਫ਼ਤਾਰ ਡਰਾਈਵਿੰਗ ਕਰ ਰਹੇ ਗੁਰਕੀਰਤ ਤੂਰ ਨੇ ਕੰਟਰੋਲ ਗੁਆ ਦਿੱਤਾ ਅਤੇ ਉਸ ਦੀ ਗੱਡੀ ਇਕ ਮਕਾਨ ਦੀ ਕੰਧ ਅਤੇ ਦੋ ਖੜ੍ਹੀਆਂ ਗੱਡੀਆਂ ਵਿਚ ਜਾ ਵੱਜੀ।

 ਇਹ ਵੀ ਪੜ੍ਹੋ- ਦੀਵਾਲੀ ਤੋਂ ਪਹਿਲਾਂ ਸੋਨਾ-ਚਾਂਦੀ ਹੋਏ ਮਹਿੰਗੇ, ਜਾਣੋ 10 ਗ੍ਰਾਮ ਸੋਨੇ ਦੀ ਕੀਮਤ

ਗੁਰਕੀਰਤ ਸਿੰਘ ਤੂਰ ਨੂੰ ਜ਼ਮਾਨਤ ਸ਼ਰਤਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਗੱਡੀ ਦੀ ਤਲਾਸ਼ੀ ਦੌਰਾਨ ਸੀਟ ਥੱਲਿਓਂ ਭਰੀ ਹੋਈ ਪਿਸਤੌਲ ਬਰਾਮਦ ਹੋਈ।
ਤੂਰ 'ਤੇ ਪਿਸਤੌਲ ਤਾਣਨ, ਬਦਲੇ ਹੋਏ ਸੀਰੀਅਲ ਨੰਬਰ ਨਾਲ ਹਥਿਆਰ ਰੱਖਣ ਅਤੇ ਪਾਬੰਦੀਸ਼ੁਦਾ ਹਥਿਆਰ ਰੱਖਣ ਦੇ ਦੋਸ਼ ਲੱਗੇ ਹਨ। ਫਿਲਹਾਲ ਪੁਲਸ ਇਸ ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ ਦੀ ਭਾਲ ਕਰ ਰਹੀ ਹੈ ਤਾਂ ਕਿ ਇਸ ਸਬੰਧੀ ਹੋਰ ਜਾਣਕਾਰੀ ਖੁੱਲ੍ਹ ਕੇ ਸਾਹਮਣੇ ਆ ਸਕੇ। ਇਸ ਤੋਂ ਪਹਿਲਾਂ 2019 ਵਿਚ ਵੀ ਉਹ ਆਪਣੇ 3 ਸਾਥੀਆਂ ਨਾਲ ਪੁਲਸ ਦੇ ਹੱਥੀਂ ਚੜ੍ਹਿਆ ਸੀ। ਉਸ ਸਮੇਂ ਉਨ੍ਹਾਂ ਕੋਲੋਂ ਪੁਲਸ ਨੂੰ ਨਕਦੀ ਦੇ ਨਾਲ-ਨਾਲ ਨਸ਼ੀਲੇ ਪਦਾਰਥ ਵੀ ਮਿਲੇ ਸਨ। ਰਿਪੋਰਟਾਂ ਮੁਤਾਬਕ ਇਹ ਪੰਜਾਬੀ ਨੌਜਵਾਨ ਪਹਿਲਾਂ ਹੀ ਸ਼ਰਤਾਂ ਨਾਲ ਜ਼ਮਾਨਤ 'ਤੇ ਸੀ।


Sanjeev

Content Editor

Related News