ਹਵਾ 'ਚ ਉੱਡ ਰਹੇ ਜਹਾਜ਼ ਨਾਲ ਟਕਰਾਇਆ ਬਰਫ ਦਾ ਟੁਕੜਾ, ਵਾਲ-ਵਾਲ ਬਚੇ 200 ਯਾਤਰੀ
Wednesday, Dec 29, 2021 - 10:14 AM (IST)
ਲੰਡਨ (ਬਿਊਰੋ): ਬ੍ਰਿਟਿਸ਼ ਏਅਰਵੇਜ਼ ਦੇ ਇਕ ਜਹਾਜ਼ ਵਿਚ ਸਵਾਰ 200 ਲੋਕਾਂ ਦੀ ਜਾਨ ਉਸ ਸਮੇਂ ਵਾਲ-ਵਾਲ ਬਚੀ, ਜਦੋਂ ਹਵਾ ਵਿਚ ਉੱਡ ਰਹੇ ਇਕ ਜਹਾਜ਼ 'ਤੇ ਉਸ ਦੇ ਉੱਪਰ ਉੱਡਦੇ ਦੂਜੇ ਜਹਾਜ਼ ਤੋਂ ਬਰਫ ਦਾ ਟੁਕੜਾ ਡਿੱਗ ਗਿਆ। ਬਰਫ ਦੇ ਟੁੱਕੜੇ ਦੀ ਟੱਕਰ ਨਾਲ ਬੋਇੰਗ 777 ਜਹਾਜ਼ ਦੀ ਦੋ ਇੰਚ ਮੋਟੀ ਵਿੰਡਸਕਰੀਨ ਪੂਰੀ ਤਰ੍ਹਾਂ ਤਬਾਹ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਦੂਜਾ ਜਹਾਜ਼ ਕਰੀਬ 1000 ਫੁੱਟ ਦੀ ਉਚਾਈ 'ਤੇ ਉੱਡ ਰਿਹਾ ਸੀ। ਜਦੋਂ ਇਹ ਹਾਦਸਾ ਵਾਪਰਿਆ ਤਾਂ ਜਹਾਜ਼ ਹਵਾ ਵਿੱਚ 35,000 ਫੁੱਟ ਦੀ ਉਚਾਈ 'ਤੇ ਉੱਡ ਰਿਹਾ ਸੀ।
ਇਹ ਜਹਾਜ਼ ਕ੍ਰਿਸਮਸ ਵਾਲੇ ਦਿਨ ਲੰਡਨ ਦੇ ਗੈਟਵਿਕ ਤੋਂ ਕੋਸਟਾ ਰੀਕਾ ਦੇ ਸੈਨ ਜੋਸੇ ਜਾ ਰਿਹਾ ਸੀ। ਜਹਾਜ਼ ਦੀ ਵਿੰਡਸਕਰੀਨ ਬੁਲੇਟਪਰੂਫ ਸ਼ੀਸ਼ੇ ਵਰਗੀ ਹੁੰਦੀ ਹੈ। ਇਹ ਸ਼ੀਸ਼ੇ ਉੱਚਾਈ 'ਤੇ ਵੀ ਉੱਚ ਦਬਾਅ ਹੇਠ ਰਹਿੰਦੇ ਹਨ। ਹਾਲਾਂਕਿ, ਦੁਰਘਟਨਾ ਦਾ ਇਹ ਦੁਰਲੱਭ ਮਾਮਲਾ ਲੱਖਾਂ ਵਿੱਚੋਂ ਇੱਕ ਹੈ। ਇਸ ਮੱਧ ਹਵਾਈ ਹਾਦਸੇ ਤੋਂ ਬਾਅਦ ਭਾਵੇਂ ਸਾਰੇ 200 ਯਾਤਰੀ ਪੂਰੀ ਤਰ੍ਹਾਂ ਸੁਰੱਖਿਅਤ ਰਹੇ ਪਰ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਤੋਂ ਬਾਅਦ ਯਾਤਰੀ ਕਾਫੀ ਦੇਰ ਤੱਕ ਹਵਾਈ ਅੱਡੇ 'ਤੇ ਫਸੇ ਰਹੇ।
ਪੜ੍ਹੋ ਇਹ ਅਹਿਮ ਖਬਰ - UAE ਨੇ ਗੈਰ ਮੁਸਲਿਮਾਂ ਲਈ ਚੁੱਕਿਆ ਇਕ ਹੋਰ ਵੱਡਾ ਕਦਮ, ਹੋ ਰਹੀ ਤਾਰੀਫ਼
50 ਘੰਟੇ ਦੀ ਦੇਰੀ ਨਾਲ ਰਵਾਨਾ ਹੋਇਆ ਜਹਾਜ਼
ਇਹ ਹਾਦਸਾਗ੍ਰਸਤ ਜਹਾਜ਼ ਤੁਰੰਤ ਉਡਾਣ ਨਹੀਂ ਭਰ ਸਕਿਆ ਅਤੇ ਯਾਤਰੀਆਂ ਦੇ ਅਸਲ ਸਮੇਂ ਤੋਂ 50 ਘੰਟੇ ਦੀ ਦੇਰੀ ਨਾਲ ਉਡਾਣ ਭਰੀ। ਏਅਰਲਾਈਨ ਨੇ ਪਹਿਲਾਂ ਵਾਅਦਾ ਕੀਤਾ ਸੀ ਕਿ ਉਹ 90 ਮਿੰਟ ਬਾਅਦ ਹੀ ਦੁਬਾਰਾ ਉਡਾਣ ਭਰ ਸਕੇਗੀ ਪਰ ਜਹਾਜ਼ ਦੀ ਮੁਰੰਮਤ ਕਰਨ ਵਿਚ ਕਾਫੀ ਸਮਾਂ ਲੱਗ ਗਿਆ ਅਤੇ ਯਾਤਰੀਆਂ ਨੂੰ ਕਈ ਘੰਟੇ ਇਸ ਜਹਾਜ਼ ਦਾ ਇੰਤਜ਼ਾਰ ਕਰਨਾ ਪਿਆ। ਬ੍ਰਿਟਿਸ਼ ਏਅਰਵੇਜ਼ ਨੇ ਕ੍ਰਿਸਮਸ ਖਰਾਬ ਹੋਣ ਦੇ ਬਾਅਦ ਯਾਤਰੀਆਂ ਤੋਂ ਮੁਆਫ਼ੀ ਮੰਗੀ ਹੈ।
ਬ੍ਰਿਟਿਸ਼ ਏਅਰਵੇਜ਼ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਇਸ ਫਲਾਈਟ ਲਈ ਆਪਣੇ ਗਾਹਕਾਂ ਤੋਂ ਮੁਆਫ਼ੀ ਮੰਗਦੇ ਹਾਂ ਜਿਨ੍ਹਾਂ ਦੇ ਕ੍ਰਿਸਮਸ ਪਲਾਨ ਵਿਅਰਥ ਗਏ। ਅਸੀਂ ਉਦੋਂ ਤੱਕ ਜਹਾਜ਼ ਨਹੀਂ ਉਡਾਵਾਂਗੇ ਜਦੋਂ ਤੱਕ ਸਾਨੂੰ ਯਕੀਨ ਨਹੀਂ ਹੁੰਦਾ ਕਿ ਜਹਾਜ਼ ਪੂਰੀ ਤਰ੍ਹਾਂ ਸੁਰੱਖਿਅਤ ਹੈ। ਅਸੀਂ ਯਾਤਰੀਆਂ ਦੇ ਸਬਰ ਦੀ ਸ਼ਲਾਘਾ ਕਰਦੇ ਹਾਂ।ਜ਼ਿਕਰਯੋਗ ਹੈ ਕਿ ਕੁਝ ਹਫ਼ਤੇ ਪਹਿਲਾਂ ਇੱਕ ਬੋਇੰਗ 737-800 ਜਹਾਜ਼ ਪੰਛੀਆਂ ਦੇ ਇੱਕ ਵੱਡੇ ਝੁੰਡ ਨਾਲ ਟਕਰਾ ਗਿਆ ਸੀ। ਉਸ ਸਮੇਂ ਜਹਾਜ਼ ਲੈਂਡ ਕਰਨ ਵਾਲਾ ਸੀ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।