ਲੰਡਨ ਦੇ ਬੈਂਕਾਂ 'ਚ ਲੁੱਟਾਂ-ਖੋਹਾਂ ਦੀ ਸਾਜ਼ਿਸ ਤਹਿਤ ਪੰਜਾਬੀ ਨੌਜਵਾਨ ਨੂੰ ਸਾਥੀ ਸਮੇਤ 9 ਸਾਲ ਦੀ ਜੇਲ

10/14/2017 4:51:23 AM

ਲੰਡਨ (ਰਾਜਵੀਰ ਸਮਰਾ)- ਯੂ. ਕੇ. ਵਿਚ ਇਕ ਪੰਜਾਬੀ ਨੌਜਵਾਨ ਨੂੰ ਈਸਟ ਲੰਡਨ ਵਿਚ ਹਥਿਆਰ ਦੀ ਨੋਕ 'ਤੇ ਕਈ ਬੈਂਕ ਡਕੈਤੀਆਂ ਵਿਚ ਸ਼ਮੂਲੀਅਤ ਦੇ ਦੋਸ਼ ਤਹਿਤ ਜੇਲ ਦੀ ਸਜ਼ਾ ਸੁਣਾਈ ਗਈ। ਸਥਾਨਕ ਕਰਾਊਨ ਕੋਰਟ ਵਿਚ ਇਸ ਮੁਕੱਦਮੇ ਦੀ ਸੁਣਵਾਈ ਦੌਰਾਨ ਦੱਸਿਆ ਗਿਆ ਸੀ ਕਿ ਸੂਬੀ ਸਹੋਤਾ (51) ਵਾਸੀ ਸਾਊਥ ਪਾਰਕ ਡਰਾਈਵ, ਇਲਫ਼ੋਰਡ ਨੇ ਬੈਂਕ ਡਕੈਤੀਆਂ ਵਿਚ ਇਕ ਹੋਰ ਸਾਥੀ ਆਈਵਰ ਮੈਟਨ (34) ਵਾਸੀ ਬਸਿਲਡਨ, ਐਸੈਕਸ ਦੀ ਮਦਦ ਨਾਲ ਹਿੱਸਾ ਲਿਆ ਸੀ। 
ਇਸ ਮਾਮਲੇ ਵਿਚ ਸਹੋਤਾ ਨੂੰ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਜਦਕਿ ਮੈਟਨ ਨੇ ਪਹਿਲਾਂ ਹੀ ਦੋਸ਼ ਮੰਨ ਲਿਆ ਸੀ। ਇਸ ਸੁਣਵਾਈ ਦੌਰਾਨ ਦੱਸਿਆ ਗਿਆ ਸੀ ਕਿ ਲੰਡਨ ਪੁਲਸ ਨੇ ਪਿਛਲੇ ਸਾਲ 3 ਨਵੰਬਰ ਨੂੰ ਸਾਊਥ ਵੁੱਡਫੋਰਡ ਵਿਖੇ ਐੱਚ. ਐੱਸ. ਬੀ. ਸੀ. ਬੈਂਕ 'ਚ ਲੁੱਟਖੋਹ ਦੀ ਸਾਜ਼ਿਸ਼ ਦੀ ਜਾਂਚ ਸ਼ੁਰੂ ਕੀਤੀ ਸੀ। ਜਦੋਂ ਇਕ ਬੰਦਾ, ਜਿਸ ਦੀ ਪਛਾਣ ਮੈਟਨ ਵਜੋਂ ਹੋਈ, ਨੇ ਬੈਂਕ ਵਿਚ ਜਾ ਕੇ ਸਟਾਫ ਮੈਂਬਰ ਨੂੰ ਲਿਫਾਫੇ ਵਿਚ ਬੰਦੂਕ ਵਰਗਾ ਹਥਿਆਰ ਵਿਖਾ ਕੇ ਧਮਕੀ ਦਿੱਤੀ ਸੀ। ਰੌਲਾ ਪੈਣ 'ਤੇ ਉਹ ਖਾਲੀ ਹੱਥ ਭੱਜ ਗਿਆ ਸੀ।  4 ਨਵੰਬਰ ਨੂੰ ਇਨ੍ਹਾਂ ਦੋਵਾਂ ਨੇ ਇਸੇ ਤਰ੍ਹਾਂ ਚੈਡਵੈਲ ਹੀਥ ਹਾਈ ਰੋਡ ਸਥਿਤ ਬਾਰਕਲੇ ਬੈਂਕ ਵਿਚ ਲੁੱਟਖੋਹ ਕੀਤੀ ਸੀ। ਜਦੋਂ ਸਟਾਫ ਮੈਂਬਰਾਂ ਨੇ ਘਬਰਾ ਕੇ 2800 ਪੌਂਡ ਲੁਟੇਰਿਆਂ ਨੂੰ ਦੇ ਦਿੱਤੇ ਸਨ। ਫਿਰ 14 ਨਵੰਬਰ ਨੂੰ ਉਨ੍ਹਾਂ ਨੇ ਹੋਰਨ ਚਰਚ ਹਾਈ ਸਟਰੀਟ ਤੇ ਹੈਲੀਫੈਕਸ ਵਿਚ ਲੁੱਟਖੋਹ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ। ਜਦ ਕਿ 21 ਨਵੰਬਰ ਨੂੰ ਸੈਵਨ ਕਿੰਗਜ਼ ਵਿਖੇ ਬੇਟਫਰੈੱਡ ਬੁੱਕੀ 'ਤੇ ਵੀ ਉਸੇ ਤਰ੍ਹਾਂ ਲੁੱਟਖੋਹ ਕੀਤੀ ਗਈ। ਉਨ੍ਹਾਂ ਦਾ ਆਖ਼ਰੀ ਅਪਰਾਧ 21 ਦਸੰਬਰ ਨੂੰ ਵੁੱਡਫੋਰਡ ਗਰੀਨ ਵਿਖੇ ਵਿਲੀਅਮ ਹਿੱਲ ਬੁੱਕੀ ਵਿਚ ਰਿਹਾ ਜਦੋਂ ਇਕ ਔਰਤ ਕਰਮਚਾਰਨ ਨੇ ਘਬਰਾ ਕੇ 200 ਪੌਂਡ ਨਕਦੀ ਦੇ ਦਿੱਤੀ ਸੀ। ਅਦਾਲਤ ਨੇ ਦੋਵਾਂ ਅਪਰਾਧੀਆਂ ਨੂੰ 9 ਸਾਲ ਲਈ ਜੇਲ ਭੇਜ ਦਿੱਤਾ ਹੈ ।


Related News