ਦੁਬਈ 'ਚ 97 ਸਾਲਾ ਭਾਰਤੀ ਨੇ ਬਣਾਇਆ ਵੱਖਰਾ ਰਿਕਾਰਡ
Monday, Feb 11, 2019 - 12:14 AM (IST)

ਦੁਬਈ— ਸੰਯੁਕਤ ਅਰਬ ਅਮੀਰਾਤ 'ਚ ਭਾਰਤੀ ਮੂਲ ਦੇ 97 ਸਾਲਾ ਵਿਅਕਤੀ ਨੇ ਚਾਰ ਸਾਲ ਲਈ ਆਪਣੇ ਡ੍ਰਾਈਵਿੰਗ ਲਾਇਸੰਸ ਨੂੰ ਰਿਨਿਊ ਕਰਵਾਇਆ ਹੈ। ਭਾਰਤੀ ਮੂਲ ਦੇ ਟੀ.ਐੱਚ.ਮਹਿਤਾ ਦਾ ਜਨਮ 1922 'ਚ ਹੋਇਆ ਸੀ। ਉਹ ਦੁਬਈ ਦੀਆਂ ਸੜਕਾਂ 'ਤੇ ਗੱਡੀ ਚਲਾਉਣ ਵਾਲੇ 90 ਸਾਲ ਤੋਂ ਜ਼ਿਆਦਾ ਉਮਰ ਦੇ ਪਹਿਲੇ ਵਿਅਕਤੀ ਹਨ। ਗਲਫ ਨਿਊਜ਼ ਨੇ ਸ਼ਨੀਵਾਰ ਨੂੰ ਖਬਰ ਦਿੱਤੀ ਕਿ ਉਨ੍ਹਾਂ ਦਾ ਲਾਇਸੰਸ ਅਕਤੂਬਰ 2023 ਤੱਕ ਵੈਲਿਡ ਹੈ।
ਇਹ ਦਿਲਚਸਪ ਹੈ ਕਿ ਬ੍ਰਿਟੇਨ ਦੀ ਮਹਾਰਾਣੀ ਐਲੀਜ਼ਾਬੈੱਥ ਦੇ 97 ਸਾਲਾ ਪਤੀ ਪ੍ਰਿੰਸ ਫਿਲਿਪ ਨੇ ਆਪਣੀ ਮਰਜ਼ੀ ਨਾਲ ਲਾਇਸੰਸ ਵਾਪਸ ਕਰ ਦਿੱਤਾ ਹੈ। ਇਸ ਤੋਂ ਕੁਝ ਦਿਨ ਪਹਿਲਾਂ ਉਹ ਹਾਦਸੇ 'ਚ ਵਾਲ-ਵਾਲ ਬਚੇ ਸਨ। ਇਸ ਹਾਦਸੇ 'ਚ ਦੋ ਔਰਤਾਂ ਜ਼ਖਮੀ ਹੋ ਗਈਆਂ ਸਨ। ਭਾਰਤੀ ਮੂਲ ਦੇ ਮਹਿਤਾ ਇਕੱਲੇ ਰਹਿੰਦੇ ਹਨ ਤੇ ਉਨ੍ਹਾਂ ਨੂੰ ਗੱਡੀ ਚਲਾਉਣ ਦੀ ਕੋਈ ਜਲਦੀ ਨਹੀਂ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਕਾਰਾਂ ਲੋਕਾਂ ਨੂੰ ਆਲਸੀ ਬਣਾ ਦਿੰਦੀਆਂ ਹਨ। ਉਨ੍ਹਾਂ ਨੇ ਪੈਦਲ ਤੁਰਨਾ ਪਸੰਦ ਹੈ ਤੇ ਕਈ ਵਾਰ ਤਾਂ ਉਹ ਚਾਰ ਘੰਟੇ ਤੱਕ ਪੈਦਲ ਤੁਰਦੇ ਹਨ।
ਲੰਬੇ ਅਰਸੇ ਤੋਂ ਦੁਬਈ 'ਚ ਰਹਿ ਰਹੇ ਮਹਿਤਾ ਕੁਆਰੇ ਹਨ ਤੇ ਉਨ੍ਹਾਂ ਨੇ ਪਿਛਲੀ ਵਾਰ 2004 'ਚ ਗੱਡੀ ਚਲਾਈ ਸੀ। ਉਹ ਸਫਰ ਕਰਨ ਲਈ ਜਨਤਕ ਵਾਹਨ ਚੁਣਦੇ ਹਨ ਜਾਂ ਪੈਦਲ ਯਾਤਰਾ ਕਰਦੇ ਹਨ। ਮਹਿਤਾ ਨੇ ਹਾਸੇ 'ਚ ਕਿਹਾ ਕਿ ਕਿਸੇ ਨੂੰ ਦੱਸਣਾ ਨਹੀਂ, ਇਹ ਮੇਰੀ ਤੰਦਰੁਸਤੀ ਤੇ ਲੰਬੀ ਉਮਰ ਦਾ ਰਾਜ਼ ਹੈ। ਮੈਂ ਨਾ ਸਿਗਰਟ ਪੀਂਦਾ ਹਾਂ ਤੇ ਨਾ ਹੀ ਸ਼ਰਾਬ ਨੂੰ ਹੱਥ ਲਾਉਂਦਾ ਹਾਂ। ਮਹਿਤਾ 1980 'ਚ ਦੁਬਈ ਆਏ ਤੇ ਇਕ ਹੋਟਲ 'ਚ ਨੌਕਰੀ ਕਰਨ ਲੱਗੇ। ਇਸ ਹੋਟਲ 'ਚ ਉਨ੍ਹਾਂ ਨੇ 2002 ਤੱਕ ਕੰਮ ਕੀਤਾ। ਉਸ ਸਾਲ ਕਰਮਚਾਰੀਆਂ ਦੀ ਜਾਂਚ ਹੋਈ ਤੇ ਉਨ੍ਹਾਂ ਨੂੰ ਉਨ੍ਹਾਂ ਦੀ ਉਮਰ ਕਾਰਨ ਅਸਤੀਫਾ ਦੇਣ ਲਈ ਕਹਿ ਦਿੱਤਾ ਗਿਆ।