ਮਾਸੂਮ ਨੇ ਜਿੱਤੀ ਜ਼ਿੰਦਗੀ ਦੀ ਜੰਗ, 4 ਗੋਲੀਆਂ ਲੱਗਣ ਮਗਰੋਂ ਵੀ ਨਹੀਂ ਛੱਡੀ ਹਿੰਮਤ
Sunday, Jul 12, 2020 - 12:05 PM (IST)

ਅਟਲਾਂਟਾ- ਅਮਰੀਕਾ ਦੇ ਅਟਲਾਂਟਾ ਸ਼ਹਿਰ ਵਿਚ ਬੁੱਧਵਾਰ ਰਾਤ ਨੂੰ ਹੋਈ ਗੋਲੀਬਾਰੀ ਵਿਚ ਜ਼ਖਮੀ ਹੋਏ 9 ਸਾਲਾ ਬੱਚੇ ਦਾ ਆਪਰੇਸ਼ਨ ਹੋ ਗਿਆ ਹੈ ਤੇ ਉਸ ਦੀ ਸਿਹਤ ਵਿਚ ਸੁਧਾਰ ਹੋ ਰਿਹਾ ਹੈ। ਉਸ ਦੀ ਮਾਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।
ਦੱਸਿਆ ਜਾ ਰਿਹਾ ਹੈ ਕਿ ਬੱਚੇ ਨੂੰ ਚਾਰ ਗੋਲੀਆਂ ਲੱਗੀਆਂ ਸਨ। ਕਿਓਨਾ ਕਾਰਸਨ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤ ਜਾਵੋਨੀ ਕਾਰਸਨ ਪੂਰਬੀ ਅਟਲਾਂਟਾ ਵਿਚ ਟਿਕਟਾਕ ਵੀਡੀਓ ਬਣਾ ਰਿਹਾ ਸੀ ਅਤੇ ਅਚਾਨਕ ਕਿਸੇ ਨੇ ਭੀੜ 'ਤੇ ਗੋਲੀਬਾਰੀ ਕੀਤੀ, ਜਿਸ ਵਿਚ ਜਾਵੋਨੀ ਅਤੇ ਦੋ ਹੋਰ ਲੜਕੇ ਜ਼ਖਮੀ ਹੋ ਗਏ। ਉਨ੍ਹਾਂ ਦੱਸਿਆ ਕਿ ਜਾਵੋਮੀ ਦੇ ਖੱਬੇ ਪੈਰ ਵਿਚ 4 ਗੋਲੀਆਂ ਮਾਰੀਆਂ ਗਈਆਂ ਤੇ ਉਸ ਦੇ ਪਿਤਾ ਉਸ ਨੂੰ ਹਸਪਤਾਲ ਲੈ ਕੇ ਗਏ।
ਕਿਓਨੋ ਨੇ ਕਿਹਾ ਕਿ ਉਨ੍ਹਾਂ ਦੇ ਦੋ ਹੋਰ ਬੱਚੇ ਉੱਥੇ ਹੀ ਸਨ ਅਤੇ ਉਨ੍ਹਾਂ ਨੇ ਸਾਰਾ ਕੁੱਝ ਦੇਖਿਆ। ਉਨ੍ਹਾਂ ਦੱਸਿਆ ਕਿ ਕੋਈ ਗੱਡੀ ਚਲਾ ਕੇ ਆਇਆ ਤੇ ਉਸ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਪੁਲਸ ਨੇ ਉਮੀਦ ਪ੍ਰਗਟਾਈ ਕਿ ਸਾਰੇ ਜ਼ਖਮੀਆਂ ਦੇ ਠੀਕ ਹੋਣ ਦੀ ਸੰਭਾਵਨਾ ਹੈ। ਪੁਲਸ ਦਾ ਮੰਨਣਾ ਹੈ ਕਿ ਇਕ ਝਗੜੇ ਦੇ ਬਾਅਦ ਗੋਲੀਬਾਰੀ ਸ਼ੁਰੂ ਹੋਈ। ਘਟਨਾ ਸਬੰਧੀ ਗ੍ਰਿਫਤਾਰੀ ਦੀ ਕੋਈ ਖਬਰ ਨਹੀਂ ਹੈ। ਕੁਝ ਦਿਨ ਪਹਿਲਾਂ ਅਟਲਾਂਟਾ ਵਿਚ 8 ਸਾਲਾ ਬੱਚੇ ਸਿਕੋਰੀਆ ਟਰਨਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।