ਦੱਖਣੀ ਆਸਟ੍ਰੇਲੀਆ 'ਚ ਕਾਰ ਨੇ ਕੁਚਲਿਆ 8 ਸਾਲਾ ਮੁੰਡਾ

Tuesday, May 08, 2018 - 02:57 PM (IST)

ਦੱਖਣੀ ਆਸਟ੍ਰੇਲੀਆ— ਦੱਖਣੀ ਆਸਟ੍ਰੇਲੀਆ ਦੇ ਸ਼ਹਿਰ ਪੋਰਟ ਅਗਸਤਾ ਦੇ ਨੈਸ਼ਨਲ ਹਾਈਵੇਅ 'ਤੇ ਸੋਮਵਾਰ ਦੀ ਸ਼ਾਮ ਨੂੰ ਇਕ 8 ਸਾਲਾ ਮੁੰਡੇ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਦਰਅਸਲ ਮੁੰਡਾ ਪੈਦਲ ਜਾ ਰਿਹਾ ਸੀ ਤਾਂ ਉਸ ਨੂੰ ਇਕ ਕਾਰ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਹਾਦਸੇ ਚ ਪੋਰਟ ਅਗਸਤਾ ਦੀ ਰਹਿਣ ਵਾਲੀ 46 ਸਾਲਾ ਮਹਿਲਾ ਕਾਰ ਡਰਾਈਵਰ ਜ਼ਖਮੀ ਤਾਂ ਨਹੀਂ ਹੋਈ ਪਰ ਉਹ ਬਹੁਤ ਡਰ ਗਈ ਹੈ। ਪੁਲਸ ਉਸ ਤੋਂ ਪੁੱਛ-ਗਿੱਛ ਕਰ ਰਹੀ ਹੈ।
ਐਮਰਜੈਂਸੀ ਸੇਵਾ ਅਧਿਕਾਰੀਆਂ ਨੂੰ ਇਸ ਹਾਦਸੇ ਬਾਰੇ ਸ਼ਾਮ ਤਕਰੀਬਨ 7.00 ਵਜੇ ਸੂਚਨਾ ਮਿਲੀ। ਅਧਿਕਾਰੀਆਂ ਨੇ ਦੱਸਿਆ ਕਿ ਸੜਕ 'ਤੇ ਮੁੰਡਾ ਇਕੱਲਾ ਹੀ ਪੈਦਲ ਜਾ ਰਿਹਾ ਸੀ ਜਦੋਂ ਇਕ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਅਧਿਕਾਰੀ ਉਸ ਨੂੰ ਹਸਪਤਾਲ ਲੈ ਗਏ ਪਰ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਉਸ ਦੀ ਮੌਤ ਹੋ ਗਈ। ਇਸ ਹਾਦਸੇ ਦੀ ਖਬਰ ਸੁਣ ਕੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਹੈਰਾਨ ਅਤੇ ਡੂੰਘੇ ਸਦਮੇ ਵਿਚ ਹਨ। ਇਕ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਉਹ ਸਾਡੇ ਤੋਂ ਹਮੇਸ਼ਾ ਲਈ ਦੂਰ ਹੋ ਗਿਆ। ਪਰਿਵਾਰ ਨੇ ਉਸ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਬਹੁਤ ਹੱਸ-ਮੁੱਖ ਸੀ ਪਰ ਸ਼ਾਇਦ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਓਧਰ ਪੁਲਸ ਵਲੋਂ ਹਾਦਸੇ ਮਗਰੋਂ ਰੋਡ ਨੂੰ ਬੰਦ ਕਰ ਦਿੱਤਾ ਗਿਆ। ਪੁਲਸ ਵਲੋਂ ਜਨਤਾ ਨੂੰ ਇਲਾਕੇ ਵੱਲ ਨਾ ਆਉਣ ਦੀ ਹਿਦਾਇਤ ਦਿੱਤੀ ਗਈ। ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ।


Related News