ਅਮਰੀਕਾ ’ਚ ਮੁੜ ਸ਼ਟ ਡਾਊਨ, ਕ੍ਰਿਸਮਸ ’ਤੇ 8 ਲੱਖ ਮੁਲਾਜ਼ਮਾਂ ਨੂੰ ਨਹੀਂ ਮਿਲੇਗੀ ਤਨਖਾਹ
Sunday, Dec 23, 2018 - 07:24 AM (IST)

ਵਾਸ਼ਿੰਗਟਨ, (ਏਜੰਸੀਆਂ)– ਮੈਕਸੀਕੋ ਦੀ ਸਰਹੱਦ ’ਤੇ ਕੰਧ ਉਸਾਰਨ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਅਮਰੀਕੀ ‘ਕਾਂਗਰਸ’ ਵੱਲੋਂ ਫੰਡ ਮੁਹੱਈਆ ਨਾ ਕਰਵਾਏ ਜਾਣ ਕਾਰਨ ਸ਼ਨੀਵਾਰ ਅਮਰੀਕਾ ਵਿਚ ਸਰਕਾਰੀ ਸ਼ਟ ਡਾਊਨ ਸ਼ੁਰੂ ਹੋ ਗਿਆ। ਰਾਸ਼ਟਰਪਤੀ ਨੇ ਕਿਹਾ ਕਿ ਇਹ ਸ਼ਟ ਡਾਊਨ ਲੰਬਾ ਸਮਾਂ ਨਹੀਂ ਚੱਲੇਗਾ ਪਰ ਇਸ ਕਾਰਨ 8 ਲੱਖ ਸਰਕਾਰੀ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਮਿਲ ਸਕੇਗੀ। ਉਨ੍ਹਾਂ ਨੂੰ ਕ੍ਰਿਸਮਸ ਤੋਂ ਠੀਕ ਪਹਿਲਾਂ ਜਾਂ ਤਾਂ ਛੁੱਟੀ ’ਤੇ ਜਾਣਾ ਪਏਗਾ ਜਾਂ ਬਿਨਾਂ ਤਨਖਾਹ ਤੋਂ ਕੰਮ ਕਰਨਾ ਪਏਗਾ। ਇਹ ਹਾਲਾਤ ਇਸ ਲਈ ਬਣ ਗਏ ਹਨ ਕਿਉਂਕਿ ‘ਕਾਂਗਰਸ’ ਨੇ ਟਰੰਪ ਨੂੰ ਮੈਕਸੀਕੋ-ਅਮਰੀਕਾ ਦੀ ਸਰਹੱਦ ’ਤੇ ਕੰਧ ਬਣਾਉਣ ਲਈ 5 ਅਰਬ ਡਾਲਰ ਦਿੱਤੇ ਜਾਣ ਦੀ ਮੰਗ ਨੂੰ ਪ੍ਰਵਾਨ ਨਹੀਂ ਕੀਤਾ।
ਦੱਸਣਯੋਗ ਹੈ ਕਿ ਇਸ ਸਾਲ ਜਨਵਰੀ ਵਿਚ ‘ਕਾਂਗਰਸ’ ਵਿਚ ਰਿਪਬਲਿਕਨਾਂ ਅਤੇ ਡੈਮੋਕ੍ਰੇਟਸ ਦਰਮਿਆਨ ਪ੍ਰਵਾਸੀਆਂ ਦੇ ਮੁੱਦੇ ’ਤੇ ਟਕਰਾਅ ਹੋਣ ਕਾਰਨ ਸਰਕਾਰ ਸ਼ਟ ਡਾਊਨ ’ਤੇ ਚਲੀ ਗਈ ਸੀ।
ਬਜਟ ਦੀ ਕਮੀ ਕਾਰਨ ਸ਼ਨੀਵਾਰ ਕਈ ਅਹਿਮ ਏਜੰਸੀਆਂ ਦੇ ਕੰਮ ਰੁਕ ਗਏ। ਕੈਪੀਟਲ ਹਿਲ ਵਿਖੇ ਵ੍ਹਾਈਟ ਹਾਊਸ ਦੇ ਅਧਿਕਾਰੀਆਂ ਅਤੇ ਅਮਰੀਕੀ ‘ਕਾਂਗਰਸ’ ਦੀਆਂ ਦੋਵਾਂ ਪਾਰਟੀਆਂ ਦੇ ਆਗੂਆਂ ਦਰਮਿਆਨ ਚੱਲੀ ਗੱਲਬਾਤ ਵਿਚ ਫੰਡਿੰਗ ਨੂੰ ਲੈ ਕੇ ਕੋਈ ਸਹਿਮਤੀ ਨਹੀਂ ਬਣ ਸਕੀ। ਫਿਲਹਾਲ ਫੌਜ, ਸਿਹਤ ਅਤੇ ਮਨੁੱਖੀ ਸੇਵਾ ਮੰਤਰਾਲਾ ਸਮੇਤ ਸਰਕਾਰ ਦੇ ਲਗਭਗ ਤਿੰਨ ਚੌਥਾਈ ਵਿਭਾਗਾਂ ਲਈ ਸਤੰਬਰ 2019 ਤੱਕ ਫੰਡ ਹੈ। ਸਿਰਫ 25 ਫੀਸਦੀ ਵਿਭਾਗਾਂ ਲਈ ਫੰਡ ਦਾ ਪ੍ਰਬੰਧ ਨਹੀਂ ਹੋ ਸਕਿਆ।
ਇਸ ਸ਼ਟ ਡਾਊਨ ਦੌਰਾਨ ਨਾਸਾ ਦੇ ਵਧੇਰੇ ਮੁਲਾਜ਼ਮਾਂ ਨੂੰ ਛੁੱਟੀ ’ਤੇ ਭੇਜਿਆ ਜਾਏਗਾ। ਵਪਾਰ, ਗ੍ਰਹਿ, ਸੁਰੱਖਿਆ, ਨਿਆਂ, ਖੇਤੀਬਾੜੀ ਅਤੇ ਵਿਦੇਸ਼ ਮੰਤਰਾਲਾ ਦੇ ਮੁਲਾਜ਼ਮਾਂ ਨੂੰ ਵੀ ਛੁੱਟੀ ’ਤੇ ਭੇਜਿਆ ਜਾਏਗਾ।