ਹਵਾ ਪ੍ਰਦੂਸ਼ਣ ਨਾਲ ਹਰ ਸਾਲ ਸਮੇਂ ਤੋਂ ਪਹਿਲਾਂ ਹੋ ਜਾਂਦੀ ਹੈ 70 ਲੱਖ ਲੋਕਾਂ ਦੀ ਮੌਤ
Tuesday, Mar 05, 2019 - 03:41 PM (IST)

ਜਿਨੇਵਾ (ਭਾਸ਼ਾ)–ਸੰਯੁਕਤ ਰਾਸ਼ਟਰ ਦੇ ਵਾਤਾਵਰਣ ਅਤੇ ਮਨੁੱਖੀਧਿਕਾਰਾਂ ਦੇ ਜਾਣਕਾਰ ਨੇ ਕਿਹਾ ਕਿ ਘਰ ਦੇ ਅੰਦਰ ਅਤੇ ਬਾਹਰ ਹੋਣ ਵਾਲੇ ਹਵਾ ਪ੍ਰਦੂਸ਼ਣ ਕਾਰਨ ਹਰ ਸਾਲ ਲਗਭਗ 70 ਲੱਖ ਲੋਕਾਂ ਦੀ ਮੌਤ ਸਮੇਂ ਤੋਂ ਪਹਿਲਾਂ ਹੋ ਜਾਂਦੀ ਹੈ, ਜਿਨ੍ਹਾਂ 'ਚ 6 ਲੱਖ ਬੱਚੇ ਸ਼ਾਮਲ ਹਨ। ਸੰਯੁਕਤ ਰਾਸ਼ਟਰ ਦੇ ਮਾਹਰ ਡੇਵਿਡ ਬੋਇਡ ਨੇ ਕਿਹਾ ਕਿ ਲਗਭਗ ਛੇ ਅਰਬ ਲੋਕ ਨਿਯਮਿਤ ਰੂਪ ਨਾਲ ਇੰਨੀ ਪ੍ਰਦੂਸ਼ਿਤ ਹਵਾ 'ਚ ਸਾਹ ਲੈ ਰਹੇ ਹਨ, ਇਸ ਨਾਲ ਉਨ੍ਹਾਂ ਦਾ ਜੀਵਨ ਅਤੇ ਸਿਹਤ ਖਤਰਿਆਂ ਨਾਲ ਘਿਰੀ ਰਹਿੰਦੀ ਹੈ।
ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਇਸ ਮਹਾਮਾਰੀ 'ਤੇ ਬਹੁਤ ਘੱਟ ਧਿਆਨ ਦਿੱਤਾ ਜਾਂਦਾ ਹੈ ਕਿਉਂਕਿ ਇਹ ਮੌਤਾਂ ਹੋਰ ਆਫਤਾਂ ਅਤੇ ਮਹਾਮਾਰੀਆਂ ਨਾਲ ਹੋਣ ਵਾਲੀਆਂ ਮੌਤਾਂ ਵਾਂਗ ਨਾਟਕੀ ਨਹੀਂ ਹਨ। ਬੋਇਡ ਨੇ ਕਿਹਾ ਕਿ ਹਰ ਘੰਟੇ 800 ਲੋਕ ਮਰ ਰਹੇ ਹਨ, ਜਿਨ੍ਹਾਂ ਚੋਂ ਕਈ ਤਕਲੀਫ ਝੱਲਣ ਦੇ ਕਈ ਸਾਲ ਬਾਅਦ ਮਰ ਰਹੇ ਹਨ, ਕੈਂਸਰ ਨਾਲ, ਸਾਹ ਸਬੰਧੀ ਬੀਮਾਰੀ ਨਾਲ ਜਾਂ ਦਿਲ ਦੀ ਬੀਮਾਰੀ ਨਾਲ ਜੋ ਪ੍ਰਤੱਖ ਤੌਰ 'ਤੇ ਪ੍ਰਦੂਸ਼ਿਤ ਹਵਾ 'ਚ ਸਾਹ ਲੈਣ ਕਾਰਨ ਹੁੰਦੀ ਹੈ।