6.2 ਤੀਬਰਤਾ ਦੇ ਭੂਚਾਲ ਨਾਲ ਕੰਬਿਆ ਅਫਗਾਨਿਸਤਾਨ
Wednesday, May 09, 2018 - 08:02 PM (IST)
ਕਾਬੁਲ— ਉੱਤਰੀ ਅਫਗਾਨਿਸਤਾਨ 'ਚ ਬੁੱਧਵਾਰ ਨੂੰ ਤੇਜ਼ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਜਾਣਕਾਰੀ ਮੁਤਾਬਕ ਭੂਚਾਲ ਦੀ ਤੀਬਰਤਾ ਰਿਕਟਰ ਸਕੇਲ 'ਤੇ 6.2 ਮਾਪੀ ਗਈ। ਅਮਰੀਕੀ ਭੂ-ਸਰਵੇ ਵਿਭਾਗ ਨੇ ਦੱਸਿਆ ਕਿ ਇਸ ਭੂਚਾਲ ਦੇ ਝਟਕੇ ਪਾਕਿਸਤਾਨ ਦੇ ਇਸਲਾਮਾਬਾਦ ਤੇ ਤਾਜੀਕਿਸਤਾਨ ਤੱਕ ਮਹਿਸੂਸ ਕੀਤੇ ਗਏ ਹਨ।
ਭੂਚਾਲ ਦੇ ਝਟਕੇ ਅਫਗਾਨਿਸਤਾਨ ਦੀ ਸਰਹੱਦ ਨੇੜੇ ਹਿੰਦੂ ਕੁਸ਼ ਪਹਾੜਾਂ 'ਚ 111 ਕਿਲੋਮੀਟਰ ਦੀ ਗਹਿਰਾਈ 'ਤੇ 10:41 (ਜੀਐਮਟੀ) ਵਜੇ ਮਹਿਸੂਸ ਕੀਤੇ ਗਏ ਸਨ। ਵਿਭਾਹ ਨੇ ਦੱਸਿਆ ਕਿ ਇਹ ਅਫਗਾਨਿਸਤਾਨ 'ਚ ਇਕ ਦਿਨ 'ਚ ਆਇਆ ਦੂਜਾ ਭੂਚਾਲ ਹੈ। ਕੌਮੀ ਆਫਤ ਪ੍ਰਬੰਧਨ ਮੰਤਰਾਲੇ ਦੇ ਬੁਲਾਰੇ ਮੁਹੰਮਦ ਉਮਰ ਮੁਹੰਮਦੀ ਨੇ ਕਿਹਾ ਕਿ ਭੂਚਾਲ ਦੇ ਝਟਕੇ ਲਗਭਗ ਸਾਰੇ ਅਫਗਾਨਿਸਤਾਨ 'ਚ ਮਹਿਸੂਸ ਕੀਤੇ ਗਏ ਹਨ। ਭੂਚਾਲ ਕਾਰਨ ਅਜੇ ਮਾਰੇ ਜਾਣ ਦੀ ਖਬਰ ਨਹੀਂ ਮਿਲੀ ਹੈ। ਪਰ ਮੁਹੰਮਦੀ ਨੇ ਕਿਹਾ ਕਿ ਪੂਰਬੀ ਸੂਬੇ ਖੋਸਤ 'ਚ ਇਕ ਮਕਾਨ ਦੀ ਛੱਡ ਡਿੱਗ ਜਾਣ ਕਾਰਨ ਇਕ ਬੱਚੇ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਭੂਚਾਲ ਪਹਿਲੇ ਤੋਂ ਕੁਝ ਹੀ ਘੰਟਿਆਂ ਬਾਅਦ ਆਇਆ ਤੇ ਇਸ ਦੇ ਝਟਕੇ ਕਰੀਬ ਇਕ ਮਿੰਟ ਤੱਕ ਮਹਿਸੂਸ ਕੀਤੇ ਗਏ।
