ਇਟਲੀ 'ਚ ਸਕੂਲਾਂ ਦੀ ਗਿਣਤੀ 57000 ਤੋਂ ਵੱਧ ਪਰ ਰਿਕਾਰਡ 'ਚੋਂ 16000 ਗਾਇਬ

10/14/2018 2:04:03 PM

ਰੋਮ (ਕੈਂਥ)— ਇਟਲੀ 'ਚ ਸਕੂਲਾਂ ਦੀ ਗਿਣਤੀ 57,000 ਹੈ ਪਰ ਇੱਥੋਂ ਦੇ ਰਿਕਾਰਡ 'ਚੋਂ 16,000 ਗਾਇਬ ਹਨ। ਮੰਤਰਾਲੇ ਦੇ ਅੰਕੜਿਆਂ ਅਨੁਸਾਰ ਇਟਲੀ ਭਰ 'ਚ ਸਕੂਲਾਂ ਦੀ ਗਿਣਤੀ 41000 ਦਰਸਾਈ ਗਈ ਜਦੋਂ ਕਿ ਮਿਉਰ ਦੇ ਰਿਕਾਰਡ ਅਨੁਸਾਰ ਇਟਲੀ ਵਿੱਚ 57000 ਤੋਂ ਵਧੇਰੇ ਸਕੂਲੀ ਇਮਾਰਤਾਂ ਦੀ ਰਜਿਸਟਰੀ ਹੋਈ ਹੈ। 100 ਵਿੱਚੋਂ 30 ਕੇਸਾਂ ਵਿੱਚ ਸਕੂਲਾਂ ਦੀਆਂ ਇਮਾਰਤਾਂ ਦਾ ਕੋਈ ਜ਼ਿਕਰ ਹੀ ਨਹੀਂ ਹੈ। ਇਸ ਤਰ੍ਹਾਂ ਸਿੱਖਿਆ ਵਿਭਾਗ 'ਤੇ ਵੀ ਸਵਾਲ ਖੜ੍ਹਾ ਹੋ ਰਿਹਾ ਹੈ ਕਿ ਉਨ੍ਹਾਂ ਨੂੰ ਇਸ ਬਾਰੇ ਪੂਰੀ ਜਾਣਕਾਰੀ ਕਿਉਂ ਨਹੀਂ ਕਿ ਕਿੰਨੇ ਸਕੂਲ ਹਨ ਤੇ ਕਿੰਨੇ ਵਿਦਿਆਰਥੀ ਪੜ੍ਹ ਰਹੇ ਹਨ।


ਸਿੱਖਿਆ ਮੰਤਰਾਲੇ ਨੇ ਪਿਛਲੇ ਸਾਲ ਸਤੰਬਰ 2017 ਵਿੱਚ ਇਟਲੀ ਦੇ ਸਕੂਲਾਂ ਦੀ ਗਿਣਤੀ 41000 ਦੱਸੀ ਸੀ ਤੇ ਮਿਉਰ ਦੇ ਅੰਕੜਿਆਂ ਅਨੁਸਾਰ ਕੁਝ ਸਾਲ ਪਹਿਲਾਂ ਇਹ 36000 ਸੀ ਪਰ ਹੁਣ ਅਸਲੀਅਤ ਇਹ ਹੈ ਕਿ ਇਟਲੀ ਵਿੱਚ ਸਕੂਲਾਂ ਦੀ ਗਿਣਤੀ 57000 ਤੋਂ ਵੱਧ ਹੈ। ਇਮਾਰਤ ਰਜਿਸਟਰੇਸ਼ਨ ਦੀ ਕੁਝ ਹਫ਼ਤੇ ਪਹਿਲਾਂ ਆਈ ਰਿਪੋਰਟ ਵੀ ਹੈਰਾਨੀਜਨਕ ਹੈ।


ਦੇਸ਼ ਭਰ 'ਚ 41000 ਸਕੂਲਾਂ 'ਚ ਲੱਖਾਂ ਬੱਚੇ ਪੜ੍ਹਦੇ ਹਨ। ਇਨ੍ਹਾਂ ਵਿੱਚੋਂ ਅਨੇਕਾਂ ਇਮਾਰਤਾਂ ਅਜਿਹੀਆਂ ਹਨ ਜਿਨ੍ਹਾਂ ਦੀ ਵਧੀਆ ਹਾਲਤ ਨੂੰ ਲੈ ਕੇ ਵਿਭਾਗ ਵੱਲੋਂ ਜਾਰੀ ਸੁਰੱਖਿਆ ਕੋਡ ਭਿੰਨ-ਭਿੰਨ ਹਨ। 100 'ਚੋਂ 31 ਇਮਾਰਤਾਂ ਅਜਿਹੀਆਂ ਹਨ, ਜਿਨ੍ਹਾਂ ਕੋਲ ਬੱਚਿਆਂ ਦੇ ਲੰਚ ਲਈ ਇੱਕ ਹੀ ਕਮਰਾ ਹੈ। ਇੱਥੇ ਬੱਚਿਆਂ ਨੂੰ ਸਵੇਰ ਅਤੇ ਦੁਪਹਿਰ ਦਾ ਖਾਣਾ ਦੇਣ ਦਾ ਹੁਕਮ ਹੈ ਪਰ ਅਫਸੋਸ ਕਈ ਸਕੂਲਾਂ 'ਚ ਦੁਪਿਹਰ ਦਾ ਖਾਣਾ ਸੰਭਵ ਨਹੀਂ। ਕਈ ਸਕੂਲਾਂ ਵਿੱਚ ਸਰੀਰਕ ਸਿੱਖਿਆ ਦਾ ਪੁਖਤਾ ਪ੍ਰਬੰਧ ਨਹੀਂ ਹੈ ਸਿਰਫ਼ 4000 ਸਕੂਲ ਹੀ ਅਜਿਹੇ ਹਨ, ਜਿੱਥੇ ਕਿ ਬੱਚਿਆਂ ਲਈ ਜਿੰਮ ਦਾ ਪ੍ਰਬੰਧ ਹੈ। ਇਟਲੀ ਦੇ ਸਕੂਲਾਂ ਵਿੱਚ ਸਹੂਲਤਾਂ ਸਬੰਧੀ ਜਾਂ ਇਮਾਰਤਾਂ ਸਬੰਧੀ ਊਣ-ਤਾਣ ਭਾਰਤ ਦੇ ਸਕੂਲਾਂ ਦਾ ਹੀ ਭੁਲੇਖਾ ਪਾਉਂਦੀ ਹੈ। ਇਟਲੀ ਵਿੱਚ ਕੁਝ ਮਹਿਕਮੇ ਅਜਿਹੇ ਵੀ ਹਨ ਜਿਨ੍ਹਾਂ ਦੇ ਸਟਾਫ਼ ਨੂੰ ਕੁਝ ਸੂਬਿਆਂ ਵਿੱਚ ਭਾਰਤੀ ਲੋਕਾਂ ਨੇ ਆਪਣੇ ਪੁੱਠੇ-ਸਿੱਧੇ ਕੰਮ ਕਰਵਾਉਣ ਲਈ ਭ੍ਰਿਸ਼ਟ ਕਰ ਦਿੱਤਾ ਹੈ, ਜਿਸ ਕਾਰਨ ਹੁਣ ਉਹ ਭ੍ਰਿਸ਼ਟ ਅਫ਼ਸਰ ਸਹੀ ਲੋਕਾਂ ਦਾ ਕੰਮ ਵੀ ਬਿਨਾਂ ਕੁਝ ਲੈਣ-ਦੇਣ ਦੇ ਕਰਦੇ ਹੀ ਨਹੀਂ।


Related News