ਪਾਸਪੋਰਟ ਬਣਵਾਉਣ ਲਈ ਅਮਰੀਕਾ 'ਚ ਹਰ ਹਫ਼ਤੇ 5 ਲੱਖ ਅਰਜ਼ੀਆਂ, ਬਣ ਸਕਦੈ ਨਵਾਂ ਰਿਕਾਰਡ

Tuesday, Jul 04, 2023 - 12:35 PM (IST)

ਪਾਸਪੋਰਟ ਬਣਵਾਉਣ ਲਈ ਅਮਰੀਕਾ 'ਚ ਹਰ ਹਫ਼ਤੇ 5 ਲੱਖ ਅਰਜ਼ੀਆਂ, ਬਣ ਸਕਦੈ ਨਵਾਂ ਰਿਕਾਰਡ

ਇੰਟਰਨੈਸ਼ਨਲ ਡੈਸਕ- ਅਮਰੀਕਾ ਵਿਚ ਨਾਗਰਿਕਾਂ ਨੂੰ ਆਪਣਾ ਪਾਸਪੋਰਟ ਬਣਾਉਣ ਵਿਚ ਤਿੰਨ ਤੋਂ ਚਾਰ ਮਹੀਨੇ ਲੱਗ ਰਹੇ ਹਨ। ਇੱਥੇ ਹਰ ਹਫ਼ਤੇ 5 ਲੱਖ ਅਰਜ਼ੀਆਂ ਆ ਰਹੀਆਂ ਹਨ। ਇਸ ਨਾਲ ਪਿਛਲੇ ਸਾਲ 2.20 ਕਰੋੜ ਪਾਸਪੋਰਟ ਜਾਰੀ ਕਰਨ ਦਾ ਰਿਕਾਰਡ ਟੁੱਟ ਸਕਦਾ ਹੈ। ਇੰਤਜ਼ਾਰ ਦਾ ਲੰਬਾ ਸਮਾਂ ਅਤੇ ਹੌਲੀ ਪ੍ਰਕਿਰਿਆਵਾਂ ਕਾਰਨ ਹਜ਼ਾਰਾਂ ਨਾਗਰਿਕ ਆਪਣੇ ਘੁੰਮਣ ਜਾਣ ਅਤੇ ਵਿਦੇਸ਼ ਜਾ ਕੇ ਪਰਿਵਾਰ ਵਾਲਿਆਂ ਨੂੰ ਮਿਲਣ ਦੀਆਂ ਯੋਜਨਾਵਾਂ ਰੱਦ ਕਰ ਰਹੇ ਹਨ ਜਾਂ ਹਜ਼ਾਰਾਂ ਡਾਲਰ ਖਰਚ ਕਰਕੇ ਵਾਧੂ ਯਾਤਰਾ ਟਿਕਟਾਂ ਖਰੀਦ ਰਹੇ ਹਨ।

ਡਲਾਸ ਦੀ ਰਹਿਣ ਵਾਲੀ ਜਿੰਜਰ ਕੋਲੀਅਰ ਨੇ ਆਪਣੇ ਅਤੇ ਤਿੰਨ ਪਰਿਵਾਰਕ ਮੈਂਬਰਾਂ ਨਾਲ ਜੂਨ ਵਿੱਚ ਇਟਲੀ ਜਾਣਾ ਸੀ। ਜਦੋਂ ਉਸਨੇ ਮਾਰਚ ਵਿੱਚ ਪਾਸਪੋਰਟ ਲਈ ਅਪਲਾਈ ਕੀਤਾ ਤਾਂ ਅਧਿਕਾਰੀਆਂ ਨੇ ਉਸਨੂੰ 11 ਹਫ਼ਤਿਆਂ ਦਾ ਇੰਤਜ਼ਾਰ ਕਰਨ ਲਈ ਕਿਹਾ, ਪਰ ਬਾਅਦ ਵਿੱਚ ਉਡੀਕ ਦੀ ਮਿਆਦ ਵਧਾ ਕੇ 13 ਹਫ਼ਤੇ ਕਰ ਦਿੱਤੀ ਗਈ। ਆਖਰਕਾਰ ਡੱਲਾਸ ਦੇ ਪਾਸਪੋਰਟ ਦਫਤਰ ਵਿੱਚ ਸੱਤ ਘੰਟੇ ਸੰਘਰਸ਼ ਕਰਨ ਤੋਂ ਬਾਅਦ ਕੋਲੀਅਰ ਨੂੰ ਪਾਸਪੋਰਟ ਮਿਲੇ, ਉਹ ਵੀ ਉਹਨਾਂ ਦੀ ਯਾਤਰਾ ਤੋਂ ਚਾਰ ਦਿਨ ਪਹਿਲਾਂ। ਕੋਲੀਅਰ ਦੱਸਦੀ ਹੈ ਕਿ ਯਾਤਰਾ ਰੱਦ ਕਰਨ 'ਤੇ ਉਸ ਨੂੰ 4,000 ਡਾਲਰ ਦੇ ਨੁਕਸਾਨ ਦੇ ਨਾਲ ਆਪਣੇ ਪੁੱਤਰ ਨੂੰ ਮਿਲਣ ਦਾ ਮੌਕਾ ਵੀ ਗਵਾਉਣਾ ਪੈਂਦਾ।

ਵਿਦੇਸ਼ ਮੰਤਰੀ ਨੇ ਸੰਸਦ 'ਚ ਦਿੱਤਾ ਸਪੱਸ਼ਟੀਕਰਨ

ਇਸ ਸਥਿਤੀ ਲਈ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੂੰ ਸੰਸਦ ਵਿੱਚ ਬਿਆਨ ਦੇਣਾ ਪਿਆ। ਉਨ੍ਹਾਂ ਕਾਰਨ ਦੱਸਿਆ ਕਿ ਕੋਵਿਡ ਦੌਰਾਨ ਲੋਕਾਂ ਦੀ ਯਾਤਰਾ ਘੱਟ ਗਈ ਸੀ। ਅਜਿਹੇ 'ਚ ਸਰਕਾਰ ਨੇ ਇਸ ਕੰਮ ਨਾਲ ਜੁੜੀਆਂ ਕੰਪਨੀਆਂ ਨਾਲ ਸਮਝੌਤੇ ਖ਼ਤਮ ਕਰ ਦਿੱਤੇ, ਵੱਡੀ ਗਿਣਤੀ 'ਚ ਸਟਾਫ ਨੂੰ ਹੋਰ ਕੰਮਾਂ 'ਚ ਤਾਇਨਾਤ ਕਰ ਦਿੱਤਾ। ਪਾਸਪੋਰਟ ਨਵਿਆਉਣ ਲਈ ਸਰਕਾਰ ਦੀ ਆਨਲਾਈਨ ਪ੍ਰਣਾਲੀ ਨੂੰ ਸੁਧਾਰਨ ਲਈ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ ਸੀ। ਬਲਿੰਕਨ ਅਨੁਸਾਰ, ਹੁਣ ਜਦੋਂ ਕਿ ਸੈਰ-ਸਪਾਟਾ ਅਤੇ ਯਾਤਰਾ ਮੁੜ ਤੋਂ ਵੱਧ ਰਹੀ ਹੈ, ਪਾਸਪੋਰਟ ਅਰਜ਼ੀਆਂ ਅਸਮਾਨੀ ਚੜ੍ਹ ਗਈਆਂ ਹਨ। ਸਥਿਤੀ ਨੂੰ ਸੁਧਾਰਨ ਲਈ ਮੁਲਾਜ਼ਮਾਂ ਦੀ ਭਰਤੀ ਕੀਤੀ ਜਾ ਰਹੀ ਹੈ।

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਨੇ ਸੈਨ ਫ੍ਰਾਂਸਿਸਕੋ 'ਚ ਭਾਰਤੀ ਵਣਜ ਦੂਤਘਰ 'ਤੇ ਹਮਲੇ ਦੀ ਕੀਤੀ ਨਿੰਦਾ 

ਸੋਸ਼ਲ ਮੀਡੀਆ ਤੋਂ ਲੈ ਕੇ ਸੰਸਦ ਤੱਕ ਸ਼ਿਕਾਇਤਾਂ

ਪਾਸਪੋਰਟ ਬਣਾਉਣ 'ਚ ਦੇਰੀ ਤੋਂ ਪਰੇਸ਼ਾਨ ਅਮਰੀਕੀ ਸੋਸ਼ਲ ਮੀਡੀਆ 'ਤੇ ਆਪਣਾ ਗੁੱਸਾ ਕੱਢ ਰਹੇ ਹਨ ਅਤੇ ਆਪਣੇ ਸੰਸਦ ਮੈਂਬਰਾਂ ਤੋਂ ਜਵਾਬ ਮੰਗ ਰਹੇ ਹਨ। ਸੈਨੇਟ ਅਤੇ ਪ੍ਰਤੀਨਿਧੀ ਸਭਾ ਦੇ ਕਈ ਮੈਂਬਰਾਂ ਨੂੰ ਇਸ ਸਾਲ ਸਭ ਤੋਂ ਵੱਧ ਸ਼ਿਕਾਇਤਾਂ ਸਮੇਂ ਸਿਰ ਪਾਸਪੋਰਟ ਨਾ ਬਣਾਏ ਜਾਣ ਦੀਆਂ ਪ੍ਰਾਪਤ ਹੋਈਆਂ ਹਨ।

ਇੱਧਰ ਦਿੱਲੀ ਵਿੱਚ ਵੀਜ਼ਾ ਲਈ 451 ਦਿਨ

ਸਟਾਫ ਦੀ ਕਟੌਤੀ ਕਈ ਦੇਸ਼ਾਂ ਵਿਚ ਅਮਰੀਕੀ ਦੂਤਘਰਾਂ ਵਿਚ ਵੀਜ਼ਾ ਅਰਜ਼ੀ ਪ੍ਰਕਿਰਿਆ ਨੂੰ ਵੀ ਨੁਕਸਾਨ ਪਹੁੰਚਾ ਰਹੀ ਹੈ। ਜੂਨ ਵਿੱਚ ਦਿੱਲੀ ਵਿੱਚ ਲੋਕਾਂ ਨੂੰ ਵੀਜ਼ਾ ਇੰਟਰਵਿਊ ਲਈ 451 ਦਿਨ ਉਡੀਕ ਕਰਨ ਲਈ ਕਿਹਾ ਜਾ ਰਿਹਾ ਸੀ। ਇਹ ਸਮਾਂ ਸਾਓ ਪੌਲੋ ਵਿੱਚ 600 ਦਿਨ, ਮੈਕਸੀਕੋ ਸਿਟੀ ਵਿੱਚ 750 ਦਿਨ, ਬੋਗੋਟਾ, ਕੋਲੰਬੀਆ ਵਿੱਚ 801 ਦਿਨ ਰਿਹਾ ਹੈ। ਇਜ਼ਰਾਈਲ ਵਿੱਚ ਇਹ ਮਿਆਦ 8 ਜੂਨ ਨੂੰ 360 ਦਿਨ ਸੀ, ਜੋ 2 ਜੁਲਾਈ ਨੂੰ ਘਟ ਕੇ 90 ਦਿਨ ਰਹਿ ਗਈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News