45 ਫ਼ੀਸਦੀ ਰੀਪਬਲਿਕਨਾਂ ਨੇ ਅਮਰੀਕੀ ਸੰਸਦ ''ਤੇ ਹਮਲੇ ਦਾ ਕੀਤਾ ਸਮਰਥਨ

Thursday, Jan 07, 2021 - 09:38 PM (IST)

45 ਫ਼ੀਸਦੀ ਰੀਪਬਲਿਕਨਾਂ ਨੇ ਅਮਰੀਕੀ ਸੰਸਦ ''ਤੇ ਹਮਲੇ ਦਾ ਕੀਤਾ ਸਮਰਥਨ

ਵਾਸ਼ਿੰਗਟਨ- ਇਕ ਸਰਵੇ ਮੁਤਾਬਕ 45 ਫ਼ੀਸਦੀ ਰੀਪਬਲਿਕਨਾਂ ਨੇ ਅਮਰੀਕੀ ਸੰਸਦ 'ਤੇ ਹਮਲੇ ਦਾ ਸਮਰਥਨ ਕੀਤਾ ਹੈ। ਬੁੱਧਵਾਰ ਨੂੰ ਵਰਤਮਾਨ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਕਾਂ ਨੇ ਉਸ ਸਮੇਂ ਸੰਸਦ ਭਵਨ 'ਤੇ ਹਮਲਾ ਕੀਤਾ, ਜਦ ਸੰਸਦ ਵਿਚ ਰਾਸ਼ਟਰਪਤੀ ਚੋਣਾਂ ਦੇ ਨਤੀਜੇ 'ਤੇ ਅਧਿਕਾਰਕ ਮੋਹਰ ਲਗਾਉਣ ਲਈ ਬਹਿਸ ਹੋ ਰਹੀ ਸੀ। 

ਸੁਰੱਖਿਆ ਕਰਮਚਾਰੀਆਂ ਨੇ ਚਾਰ ਘੰਟਿਆਂ ਦੀ ਮਿਹਨਤ ਦੇ ਬਾਅਦ ਸੰਸਦ ਭਵਨ ਨੂੰ ਪ੍ਰਦਰਸ਼ਨਕਾਰੀਆਂ ਕੋਲੋਂ ਖਾਲੀ ਕਰਵਾ ਲਿਆ ਪਰ ਇਸ ਦੌਰਾਨ 4 ਲੋਕਾਂ ਦੀ ਮੌਤ ਹੋ ਗਈ। 
ਬਾਅਦ ਵਿਚ ਸਦਨ ਦੀ ਕਾਰਵਾਈ ਦੋਬਾਰਾ ਸ਼ੁਰੂ ਹੋਈ ਅਤੇ ਜੋਅ ਬਾਈਡੇਨ ਤੇ ਕਮਲਾ ਹੈਰਿਸ ਦੀ ਜਿੱਤ 'ਤੇ ਸਦਨ ਨੇ ਅਧਿਕਾਰਕ ਮੋਹਰ ਲਗਾ ਦਿੱਤੀ। 

YouGov ਨਾਮਕ ਸੰਸਥਾ ਨੇ ਆਪਣੇ ਸਰਵੇ ਵਿਚ ਪਾਇਆ ਹੈ ਕਿ ਜਿੱਥੇ ਇਕ ਪਾਸੇ ਜ਼ਿਆਦਾਤਰ ਅਮਰੀਕੀਆਂ ਨੇ ਸੰਸਦ 'ਤੇ ਹਮਲੇ ਨੂੰ ਲੋਕਤੰਤਰ ਲਈ ਖ਼ਤਰਾ ਦੱਸਿਆ, ਉੱਥੇ ਹੀ ਦੂਜੇ ਪਾਸੇ ਇਸ ਮਾਮਲੇ ਵਿਚ ਪਾਰਟੀ ਦੇ ਆਧਾਰ 'ਤੇ ਲੋਕਾਂ ਦੀ ਰਾਇ ਵੀ ਕਾਫੀ ਵੱਖਰੀ ਦੇਖੀ ਗਈ। 

ਸੰਸਥਾ ਨੇ 1,397 ਵੋਟਰਾਂ ਨਾਲ ਗੱਲਬਾਤ ਕੀਤੀ, ਜਿਨ੍ਹਾਂ ਵਿਚੋਂ 62 ਫ਼ੀਸਦੀ ਨੇ ਇਸ ਹਿੰਸਾ ਨੂੰ ਲੋਕਤੰਤਰ ਲਈ ਖ਼ਤਰਾ ਕਰਾਰ ਦਿੱਤਾ, ਜਿਨ੍ਹਾਂ ਵਿਚੋਂ 93 ਫ਼ੀਸਦੀ ਡੈਮੋਕ੍ਰੇਟਿਕ, 55 ਫ਼ੀਸਦੀ ਆਜ਼ਾਦ ਅਤੇ 27 ਫ਼ੀਸਦੀ ਰੀਪਬਲਿਕਨਸ ਸਨ। ਰੀਪਬਲਿਕਨਸ ਵਿਚੋਂ 45 ਫ਼ੀਸਦੀ ਨੇ ਟਰੰਪ ਸਮਰਥਕਾਂ ਦੀ ਹਿੰਸਕ ਕਾਰਵਾਈ ਨੂੰ ਸਹੀ ਠਹਿਰਾਇਆ ਜਦਕਿ 43 ਫ਼ੀਸਦੀ ਰੀਪਬਲਿਕਨਾਂ ਨੇ ਇਸ ਨੂੰ ਗਲਤ ਕਰਾਰ ਦਿੱਤਾ। ਹਾਲ ਦੇ ਸਾਲਾਂ ਵਿਚ ਹੋਏ ਸਰਵਿਆਂ ਵਿਚ ਪਾਇਆ ਗਿਆ ਹੈ ਕਿ ਅਮਰੀਕੀ ਰਾਜਨੀਤੀ ਵਿਚ ਪਾਰਟੀ ਦੇ ਆਧਾਰ 'ਤੇ ਲੋਕਾਂ ਦੇ ਨਜ਼ਰੀਏ ਵਿਚ ਭਾਰੀ ਮਤਭੇਦ ਦੇਖੇ ਜਾ ਰਹੇ ਹਨ। 


author

Sanjeev

Content Editor

Related News