14 ਸਾਲਾ ਬੱਚੀ ਦਾ ਜਬਰਨ ਧਰਮ ਤਬਦੀਲ ਕਰਵਾ ਕੇ 41 ਸਾਲਾ ਵਿਅਕਤੀ ਨੇ ਕੀਤਾ ਨਿਕਾਹ

Saturday, May 23, 2026 - 03:43 PM (IST)

14 ਸਾਲਾ ਬੱਚੀ ਦਾ ਜਬਰਨ ਧਰਮ ਤਬਦੀਲ ਕਰਵਾ ਕੇ 41 ਸਾਲਾ ਵਿਅਕਤੀ ਨੇ ਕੀਤਾ ਨਿਕਾਹ

ਗੁਰਦਾਸਪੁਰ/ਅੰਮ੍ਰਿਤਸਰ (ਵਿਨੋਦ, ਕੱਕੜ)- ਲਾਹੌਰ ਵਿਚ 14 ਸਾਲਾ ਇਕ ਨਾਬਾਲਗ ਈਸਾਈ ਬੱਚੀ ਦੇ ਕਥਿਤ ਅਗਵਾ, ਜਬਰਨ ਧਰਮ ਤਬਦੀਲੀ ਅਤੇ ਨਿਕਾਹ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਪੀੜਤ ਪਰਿਵਾਰ ਦਾ ਦੋਸ਼ ਹੈ ਕਿ 41 ਸਾਲਾ ਅਰਸ਼ਦ ਹਬੀਬ ਨਾਂ ਦੇ ਵਿਅਕਤੀ ਨੇ ਉਨ੍ਹਾਂ ਦੀ ਧੀ ਨਿਸ਼ਾ ਬੀਬੀ, ਜੋ ਮਾਨਸਿਕ ਅਤੇ ਸਿਹਤ ਸਮੱਸਿਆਵਾਂ ਨਾਲ ਜੂਝ ਰਹੀ ਸੀ, ਨੂੰ ਵਰਗਲਾ ਕੇ ਅਗਵਾ ਕੀਤਾ ਅਤੇ ਬਾਅਦ ਵਿਚ ਉਸ ਦਾ ਜਬਰਨ ਇਸਲਾਮ ਧਰਮ ਵਿਚ ਪਰਿਵਰਤਨ ਕਰਵਾ ਕੇ ਉਸ ਨਾਲ ਨਿਕਾਹ ਕਰ ਲਿਆ।

ਪਰਿਵਾਰ ਅਨੁਸਾਰ ਨਿਸ਼ਾ ਬੀਬੀ ਗੁਲਬਹਾਰ ਕਾਲੋਨੀ, ਲਾਹੌਰ ਵਿਚ ਇਕ ਘਰ ਵਿਚ ਘਰੇਲੂ ਕੰਮ ਕਰਦੀ ਸੀ ਅਤੇ 14 ਮਈ ਨੂੰ ਕੰਮ ’ਤੇ ਜਾਣ ਤੋਂ ਬਾਅਦ ਵਾਪਸ ਨਹੀਂ ਪਰਤੀ। ਜਦੋਂ ਉਹ ਘਰ ਨਾ ਪਹੁੰਚੀ ਤਾਂ ਪਰਿਵਾਰ ਵਾਲਿਆਂ ਨੇ ਭਾਲ ਸ਼ੁਰੂ ਕੀਤੀ ਅਤੇ ਬਾਅਦ ਵਿਚ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਪਰਿਵਾਰ ਦਾ ਦਾਅਵਾ ਹੈ ਕਿ ਸੀ. ਸੀ. ਟੀ. ਵੀ. ਫੁਟੇਜ ਵਿਚ ਬੱਚੀ ਨੂੰ ਇਕ ਬਾਲਗ ਵਿਅਕਤੀ ਨਾਲ ਜਾਂਦੇ ਹੋਏ ਦੇਖਿਆ ਗਿਆ, ਜਿਸ ਤੋਂ ਬਾਅਦ ਮੁਲਜ਼ਮ ਦੀ ਪਛਾਣ ਅਰਸ਼ਦ ਹਬੀਬ ਵਜੋਂ ਹੋਈ। ਸਥਾਨਕ ਲੋਕਾਂ ਦੀ ਮਦਦ ਨਾਲ ਪਰਿਵਾਰ ਨੇ ਮੁਲਜ਼ਮ ਦੀ ਪਛਾਣ ਦੀ ਪੁਸ਼ਟੀ ਕੀਤੀ।

ਦੋਸ਼ ਇਹ ਵੀ ਹੈ ਕਿ ਅਰਸ਼ਦ ਹਬੀਬ ਪਹਿਲਾਂ ਹੀ ਵਿਆਹਿਆ ਹੋਇਆ ਹੈ ਅਤੇ ਉਸ ਦੀਆਂ 3 ਪਤਨੀਆਂ ਅਤੇ ਬੱਚੇ ਹਨ, ਇਸ ਦੇ ਬਾਵਜੂਦ ਉਸ ਨੇ ਕਥਿਤ ਤੌਰ ’ਤੇ ਨਾਬਾਲਿਗ ਬੱਚੀ ਨਾਲ ਚੌਥਾ ਵਿਆਹ ਕੀਤਾ। ਪੀੜਤ ਧਿਰ ਦਾ ਕਹਿਣਾ ਹੈ ਕਿ 15 ਮਈ ਨੂੰ ਬੱਚੀ ਦਾ ਧਰਮ ਪਰਿਵਰਤਨ ਕਰਵਾਇਆ ਗਿਆ ਅਤੇ ਕੁਝ ਦਿਨਾਂ ਬਾਅਦ ਨਿਕਾਹ ਕਰਵਾ ਦਿੱਤਾ ਗਿਆ।


author

cherry

Content Editor

Related News