''ਗੋਰੀ ਮੇਮ'' ਨਾਲ ਵਿਆਹ ਕਰਵਾ ਪਾਕਿਸਤਾਨ ਲੈ ਆਇਆ ਬੰਦਾ ! 12 ਸਾਲਾਂ ''ਚ ਹੀ ਨਰਕ ਬਣਾ''ਤੀ ਜ਼ਿੰਦਗੀ

Wednesday, Jul 01, 2026 - 01:36 PM (IST)

''ਗੋਰੀ ਮੇਮ'' ਨਾਲ ਵਿਆਹ ਕਰਵਾ ਪਾਕਿਸਤਾਨ ਲੈ ਆਇਆ ਬੰਦਾ ! 12 ਸਾਲਾਂ ''ਚ ਹੀ ਨਰਕ ਬਣਾ''ਤੀ ਜ਼ਿੰਦਗੀ

ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਤੋਂ ਇਕ ਬੇਹੱਦ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇਕ ਪਾਕਿਸਤਾਨੀ ਨਾਗਰਿਕ ਨਾਲ ਪਿਆਰ ਕਰਨਾ ਫਰਾਂਸ ਦੀ ਇਕ ਕੁੜੀ ਨੂੰ ਇੰਨਾ ਮਹਿੰਗਾ ਪੈ ਗਿਆ ਕਿ ਉਸ ਨੂੰ ਆਪਣੀ ਜਵਾਨੀ ਦੇ 12 ਸਾਲ ਕੈਦੀ ਵਾਂਗ ਕੱਟਣੇ ਪਏ। ਇਸ ਔਰਤ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ 'ਚ ਉਸ ਦੀ 12 ਸਾਲ ਪੁਰਾਣੀ ਤਸਵੀਰ ਦੇ ਨਾਲ ਤਾਜ਼ਾ ਤਸਵੀਰ ਜੋੜੀ ਗਈ ਹੈ। ਇਨ੍ਹਾਂ ਤਸਵੀਰਾਂ 'ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਇਨ੍ਹਾਂ 12 ਸਾਲਾਂ ਨੇ ਉਸ ਔਰਤ ਕੋਲੋਂ ਕੀ ਕੁਝ ਖੋਹ ਲਿਆ ਹੈ।

ਪਾਕਿਸਤਾਨ ਦੀ ਪੁਲਸ ਨੇ ਖੈਬਰ ਪਖਤੂਨਖਵਾ ਸੂਬੇ ਦੇ ਇੱਕ ਦੂਰ-ਦੁਰਾਡੇ ਪਹਾੜੀ ਕਸਬੇ 'ਬਾੜਾ' 'ਚ ਛਾਪਾ ਮਾਰ ਕੇ ਇੱਕ ਅਜਿਹੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨੇ ਆਪਣੀ ਫਰੈਂਚ ਪਤਨੀ ਅਤੇ 5 ਬੱਚਿਆਂ ਨੂੰ ਪਿਛਲੇ 12 ਸਾਲਾਂ ਤੋਂ ਘਰ ਵਿੱਚ ਬੰਧਕ ਬਣਾ ਕੇ ਰੱਖਿਆ ਹੋਇਆ ਸੀ। ਔਰਤ ਮੁਤਾਬਕ, ਉਸ ਦਾ ਪਤੀ ਰੋਜ਼ਾਨਾ ਉਨ੍ਹਾਂ ਦੀ ਬੇਰਹਿਮੀ ਨਾਲ ਕੁੱਟਮਾਰ ਅਤੇ ਮਾਨਸਿਕ ਸ਼ੋਸ਼ਣ ਕਰਦਾ ਸੀ।

ਇਸ ਭਿਆਨਕ ਕੈਦ ਦਾ ਖੁਲਾਸਾ ਉਦੋਂ ਹੋਇਆ ਜਦੋਂ ਮੁਲਜ਼ਮ ਦਾ ਇੱਕ ਪੁੱਤ ਕਿਸੇ ਤਰ੍ਹਾਂ ਘਰੋਂ ਚੋਰੀ-ਛਿਪੇ ਬਾਹਰ ਨਿਕਲਣ 'ਚ ਕਾਮਯਾਬ ਹੋ ਗਿਆ। ਉਸ ਨੇ ਨੇੜੇ ਦੇ ਪੁਲਸ ਸਟੇਸ਼ਨ ਪਹੁੰਚ ਕੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ, ਜਿਸ ਮਗਰੋਂ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਘਰ 'ਤੇ ਛਾਪਾ ਮਾਰਿਆ। ਪੁਲਸ ਜਦੋਂ ਮੌਕੇ 'ਤੇ ਪਹੁੰਚੀ ਤਾਂ 54 ਸਾਲਾ ਫਰੈਂਚ ਔਰਤ ਸਿਲਵੀ, ਜਿਸ ਦਾ ਵਿਆਹ ਤੋਂ ਬਾਅਦ ਨਾਂ ਯਾਸਮੀਨਾ ਰੱਖ ਦਿੱਤਾ ਗਿਆ, ਅਤੇ ਉਸ ਦੇ 5 ਬੱਚੇ ਇੱਕ ਬੇਹੱਦ ਤੰਗ ਅਤੇ ਖੰਡਰ ਵਰਗੇ ਕਮਰੇ ਵਿੱਚ ਕੈਦ ਮਿਲੇ। ਉਨ੍ਹਾਂ ਸਾਰਿਆਂ ਦੇ ਸਰੀਰ 'ਤੇ ਸੱਟਾਂ ਅਤੇ ਨੀਲ ਦੇ ਨਿਸ਼ਾਨ ਸਨ। ਪੁਲਸ ਨੇ ਤੁਰੰਤ ਉਨ੍ਹਾਂ ਸਾਰਿਆਂ ਨੂੰ ਉੱਥੋਂ ਰਿਹਾਅ ਕਰਵਾ ਕੇ ਸੁਰੱਖਿਅਤ ਜਗ੍ਹਾ 'ਤੇ ਸ਼ਿਫ਼ਟ ਕੀਤਾ ਤੇ ਮੁਲਜ਼ਮ ਪਾਕਿਸਤਾਨੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ।

PunjabKesari

ਇਹ ਵੀ ਪੜ੍ਹੋ- ਕੰਪਨੀ ਨੇ AI ਪਿੱਛੇ ਕੱਢ'ਤੇ ਸੈਂਕੜੇ ਕਰਮਚਾਰੀ ! ਪੈਣ ਲੱਗਾ ਘਾਟਾ ਤਾਂ ਸਾਰੇ ਹੀ ਸੱਦਣੇ ਪਏ ਵਾਪਸ

ਪੁਲਸ ਨੇ ਮੁਲਜ਼ਮ ਪਾਕਿਸਤਾਨੀ ਨਾਗਰਿਕ ਦੀ ਪਛਾਣ ਫਿਲਹਾਲ ਗੁਪਤ ਰੱਖੀ ਹੈ। ਰਿਪੋਰਟ ਮੁਤਾਬਕ, ਇਹ ਪਾਕਿਸਤਾਨੀ ਨਾਗਰਿਕ ਆਸਟ੍ਰੇਲੀਆ 'ਚ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਿਹਾ ਸੀ। ਇਸ ਦੌਰਾਨ ਉਸ ਦੀ ਉੱਥੇ ਸਿਲਵੀ ਨਾਲ ਮੁਲਾਕਾਤ ਹੋਈ ਸੀ। ਦੋਵਾਂ ਵਿਚਾਲੇ ਰਿਸ਼ਤਾ ਮਜ਼ਬੂਤ ਹੋ ਗਿਆ ਤੇ ਦੋਵਾਂ ਨੇ ਸਾਲ 2003 ਵਿੱਚ ਵਿਆਹ ਕਰਵਾ ਲਿਆ। ਇਹ ਜੋੜਾ 2014 ਤੱਕ ਆਸਟ੍ਰੇਲੀਆ 'ਚ ਰਿਹਾ, ਜਿੱਥੇ ਉਨ੍ਹਾਂ ਦੇ 2 ਬੱਚੇ ਹੋਏ। ਸਾਲ 2014 'ਚ ਇਹ ਦੋਵੇਂ ਆਪਣੇ ਬੱਚਿਆਂ ਨਾਲ ਪਾਕਿਸਤਾਨ ਆ ਗਏ।

2014 'ਚ ਆਸਟ੍ਰੇਲੀਆ ਤੋਂ ਪਾਕਿਸਤਾਨ ਆਉਣ ਤੋਂ ਬਾਅਦ ਮੁਲਜ਼ਮ ਨੇ ਸਿਲਵੀ ਤੇ ਵੱਡੇ ਬੱਚਿਆਂ ਦੇ ਪਾਸਪੋਰਟ ਖੋਹ ਲਏ ਤੇ ਉਨ੍ਹਾਂ ਦਾ ਪੂਰੀ ਦੁਨੀਆ ਨਾਲੋਂ ਸੰਪਰਕ ਖ਼ਤਮ ਕਰ ਦਿੱਤਾ। ਇਹੀ ਨਹੀਂ, ਇੰਨੀਆਂ ਸਖ਼ਤ ਪਾਬੰਦੀਆਂ ਲਗਾਈਆਂ ਗਈਆਂ ਕਿ ਉਨ੍ਹਾਂ ਨੂੰ ਘਰੋਂ ਬਾਹਰ ਨਿਕਲਣ 'ਤੇ ਵੀ ਰੋਕ ਲਗਾ ਦਿੱਤੀ ਗਈ। ਦੋ ਵੱਡੇ ਬੱਚਿਆਂ ਦੀ ਪੜ੍ਹਾਈ ਇੱਥੇ ਆਉਣ ਮਗਰੋਂ ਅੱਧ ਵਿਚਕਾਰ ਹੀ ਛੁੱਟ ਗਈ, ਜਦੋਂ ਕਿ ਛੋਟੇ ਤਿੰਨ ਬੱਚੇ, ਜਿਨ੍ਹਾਂ ਦਾ ਜਨਮ ਪਾਕਿਸਤਾਨ 'ਚ ਹੋਇਆ ਸੀ, ਨੂੰ ਕਦੇ ਸਕੂਲ ਦਾ ਮੂੰਹ ਤੱਕ ਨਹੀਂ ਦਿਖਾਇਆ ਗਿਆ।

PunjabKesari

ਰੈਸਕਿਊ ਕੀਤੇ ਜਾਣ ਮਗਰੋਂ ਸਿਲਵੀ ਯਾਸਮੀਨਾ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨ 'ਚ ਦੱਸਿਆ, "ਸਾਡੇ ਤੋਂ ਸਾਡੀ ਆਜ਼ਾਦੀ ਖੋਹ ਲਈ ਗਈ। ਮੇਰੇ ਪਤੀ ਨੇ ਸਾਡੇ ਪ੍ਰਤੀ ਪਤੀ ਅਤੇ ਪਿਤਾ ਵਾਲਾ ਫਰਜ਼ ਕਦੇ ਨਿਭਾਇਆ ਹੀ ਨਹੀਂ। ਉਹ ਸਾਨੂੰ ਰੋਜ਼ ਕੁੱਟਦਾ ਸੀ ਅਤੇ ਉਸ ਨੇ ਸਾਡੀ ਜ਼ਿੰਦਗੀ ਨਰਕ ਬਣਾ ਦਿੱਤੀ ਸੀ। ਮੈਨੂੰ ਲੱਗਦਾ ਸੀ ਕਿ ਮੇਰੀ ਜ਼ਿੰਦਗੀ ਤਾਂ ਤਬਾਹ ਹੋ ਹੀ ਚੁੱਕੀ ਹੈ, ਹੁਣ ਮੇਰੇ ਬੱਚਿਆਂ ਦੀ ਜ਼ਿੰਦਗੀ ਵੀ ਨਰਕ ਬਣ ਜਾਵੇਗੀ।''

ਫਿਲਹਾਲ ਪੁਲਸ ਨੇ ਸਿਲਵੀ ਅਤੇ ਉਸ ਦੇ ਬੱਚਿਆਂ ਨੂੰ ਸੁਰੱਖਿਅਤ ਰੈਸਕਿਊ ਕਰ ਕੇ ਪਿਸ਼ਾਵਰ ਦੇ ਇੱਕ ਮਹਿਲਾ ਸ਼ੈਲਟਰ ਹੋਮ 'ਚ ਭੇਜ ਦਿੱਤਾ ਹੈ। ਪੁਲਸ ਮੁਤਾਬਕ, ਇਹ ਪਰਿਵਾਰ ਹੁਣ ਵਾਪਸ ਫ਼ਰਾਂਸ ਜਾਣ ਦੀ ਯੋਜਨਾ ਬਣਾ ਰਿਹਾ ਹੈ। ਜਿਸ ਮਗਰੋਂ ਉਮੀਦ ਹੈ ਕਿ ਇਹ ਪਰਿਵਾਰ ਆਪਣੀ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰ ਸਕਦਾ ਹੈ।

ਇਹ ਵੀ ਪੜ੍ਹੋ- 5 ਰੁਪਏ ਸਸਤਾ ਹੋ ਗਿਆ ਪੈਟਰੋਲ ! ਦੇਸ਼ ਦੀ ਸਭ ਤੋਂ ਵੱਡੀ ਪ੍ਰਾਈਵੇਟ ਕੰਪਨੀ ਨੇ ਕਰ'ਤਾ ਐਲਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News