ਪਾਕਿਸਤਾਨੀ ਏਅਰਸਟ੍ਰਾਈਕ ਦਾ ਤਾਲਿਬਾਨ ਨੇ ਦਿੱਤਾ ਮੂੰਹਤੋੜ ਜਵਾਬ ! ਡਰੋਨ ਹਮਲੇ ਨਾਲ ਮਚਾਈ ਤਬਾਹੀ
Thursday, Jul 02, 2026 - 10:08 AM (IST)
ਇੰਟਰਨੈਸ਼ਨਲ ਡੈਸਕ- ਅਫ਼ਗਾਨਿਸਤਾਨ ਅਤੇ ਪਾਕਿਸਤਾਨ ਵਿਚਾਲੇ ਜਾਰੀ ਜੰਗ ਇਕ ਨਵੇਂ ਅਤੇ ਖ਼ਤਰਨਾਕ ਮੋੜ ’ਤੇ ਪਹੁੰਚ ਗਈ ਹੈ। ਜੂਨ ਦੇ ਅਖੀਰ ਵਿਚ ਹੋਏ ਪਾਕਿਸਤਾਨੀ ਹਮਲੇ ਦੇ ਜਵਾਬ ’ਚ ਹੁਣ ਅਫ਼ਗਾਨਿਸਤਾਨ ਵੀ ਪਲਟਵਾਰ ਕਰ ਰਿਹਾ ਹੈ। ਅਫ਼ਗਾਨਿਸਤਾਨ ਦੀ ਸੱਤਾ ’ਤੇ ਕਾਬਜ਼ ਤਾਲਿਬਾਨ ਸਰਕਾਰ ਨੇ ਪਾਕਿਸਤਾਨੀ ਸਰਹੱਦ ਦੇ ਕਾਫ਼ੀ ਅੰਦਰ ਵੜ ਕੇ ਵੱਡੇ ਹਵਾਈ ਹਮਲੇ ਅਤੇ ਡਰੋਨ ਸਟ੍ਰਾਈਕ ਕੀਤੀ। ਤਾਲਿਬਾਨ ਪ੍ਰਸ਼ਾਸਨ ਦਾ ਅਧਿਕਾਰਤ ਦਾਅਵਾ ਹੈ ਕਿ ਉਸ ਨੇ ਪਾਕਿਸਤਾਨ ਦੇ ਬਲੋਚਿਸਤਾਨ ਅਤੇ ਖ਼ੈਬਰ ਪਖ਼ਤੂਨਖ਼ਵਾ ਸੂਬਿਆਂ ’ਚ ਮੌਜੂਦ ਇਸਲਾਮਿਕ ਸਟੇਟ ਖੁਰਾਸਾਨ ਦੇ ਅੱਤਵਾਦੀ ਟਿਕਾਣਿਆਂ ਨੂੰ ਸਫ਼ਲਤਾਪੂਰਵਕ ਨਿਸ਼ਾਨਾ ਬਣਾਇਆ ਹੈ।
ਇਸਲਾਮਿਕ ਅਮੀਰਾਤ ਦੇ ਰੱਖਿਆ ਮੰਤਰਾਲੇ ਨੇ ਇਨ੍ਹਾਂ ਏਅਰਸਟ੍ਰਾਈਕਸ ਦੀ ਅਧਿਕਾਰਤ ਤੌਰ ’ਤੇ ਪੁਸ਼ਟੀ ਕਰ ਦਿੱਤੀ ਹੈ। ਅਫ਼ਗਾਨਿਸਤਾਨ ਦੀ ਹਵਾਈ ਫ਼ੌਜ ਨੇ ਇਨ੍ਹਾਂ ਹਮਲਿਆਂ ਨੂੰ ਅੰਜਾਮ ਦਿੱਤਾ ਹੈ। ਰੱਖਿਆ ਮੰਤਰਾਲੇ ਨੇ ਆਪਣੀ ਫ਼ੌਜੀ ਕਾਰਵਾਈ ਨੂੰ ਜਾਇਜ਼ ਠਹਿਰਾਉਂਦੇ ਹੋਏ ਸਪੱਸ਼ਟ ਕੀਤਾ ਕਿ ਟਾਰਗੈੱਟ ਕੀਤੇ ਗਏ ਟਿਕਾਣਿਆਂ ਦੀ ਵਰਤੋਂ ਅਫ਼ਗਾਨਿਸਤਾਨ ਦੇ ਅੰਦਰ ਬੇਗੁਨਾਹ ਨਾਗਰਿਕਾਂ ’ਤੇ ਜਾਨਲੇਵਾ ਹਮਲੇ ਕਰਨ ਅਤੇ ਵੱਡੇ ਪੱਧਰ ’ਤੇ ਭੰਨ-ਤੋੜ ਦੀ ਸਾਜ਼ਿਸ਼ ਰਚਣ ਲਈ ਕੀਤੀ ਜਾ ਰਹੀ ਸੀ। ਅਫ਼ਗਾਨ ਰੱਖਿਆ ਮੰਤਰਾਲੇ ਨੇ ਇਹ ਵੀ ਸਖ਼ਤ ਚਿਤਾਵਨੀ ਦਿੱਤੀ ਹੈ ਕਿ ਭਵਿੱਖ ’ਚ ਅਫ਼ਗਾਨਿਸਤਾਨ ਦੀ ਸੁਰੱਖਿਆ ਨੂੰ ਅਸਥਿਰ ਕਰਨ ਵਾਲੇ ਕਿਸੇ ਵੀ ਟਿਕਾਣੇ ਜਾਂ ਅੱਤਵਾਦੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਨੂੰ ਇਸੇ ਤਰ੍ਹਾਂ ਨਿਸ਼ਾਨਾ ਬਣਾਇਆ ਜਾਵੇਗਾ।
ਇਹ ਵੀ ਪੜ੍ਹੋ- 'ਗੋਰੀ ਮੇਮ' ਨਾਲ ਵਿਆਹ ਕਰਵਾ ਪਾਕਿਸਤਾਨ ਲੈ ਆਇਆ ਬੰਦਾ ! 12 ਸਾਲਾਂ 'ਚ ਹੀ ਨਰਕ ਬਣਾ'ਤੀ ਜ਼ਿੰਦਗੀ
ਪਾਕਿਸਤਾਨੀ ਏਅਰਸਟ੍ਰਾਈਕ ਦਾ ਜਵਾਬੀ ਹਮਲਾ
ਇਹ ਤਾਲਿਬਾਨੀ ਡਰੋਨ ਸਟ੍ਰਾਈਕ ਅਜਿਹੇ ਸਮੇਂ ਹੋਈ ਹੈ ਜਦੋਂ ਸਿਰਫ ਕੁਝ ਹੀ ਦਿਨ ਪਹਿਲਾਂ ਪਾਕਿਸਤਾਨ ਨੇ ਅਫ਼ਗਾਨਿਸਤਾਨ ਦੇ ਅੰਦਰ ਵੜ ਕੇ ਵੱਡੇ ਪੱਧਰ ’ਤੇ ਹਵਾਈ ਹਮਲੇ ਕੀਤੇ ਸਨ। ਪਾਕਿਸਤਾਨ ਵੱਲੋਂ ਕੀਤੇ ਗਏ ਉਨ੍ਹਾਂ ਹਮਲਿਆਂ ਵਿਚ ਕਥਿਤ ਤੌਰ ’ਤੇ ਆਮ ਨਾਗਰਿਕਾਂ ਅਤੇ ਉਨ੍ਹਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਸੰਯੁਕਤ ਰਾਸ਼ਟਰ ਸਹਾਇਤਾ ਮਿਸ਼ਨ ਦੀ ਰਿਪੋਰਟ ਅਨੁਸਾਰ, ਪਾਕਿਸਤਾਨ ਦੀ ਉਸ ਏਅਰਸਟ੍ਰਾਈਕ ਵਿਚ ਘੱਟੋ-ਘੱਟ 28 ਅਫ਼ਗਾਨ ਨਾਗਰਿਕ ਮਾਰੇ ਗਏ ਅਤੇ 49 ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਸਨ। ਅਫ਼ਗਾਨ ਸਰਕਾਰ ਦੇ ਅਨੁਸਾਰ ਮ੍ਰਿਤਕਾਂ ਦੀ ਗਿਣਤੀ 38 ਸੀ ਅਤੇ 163 ਲੋਕ ਜ਼ਖ਼ਮੀ ਹੋਏ ਸਨ, ਜਿਸ ਵਿਚ ਮੁੱਖ ਤੌਰ ’ਤੇ ਔਰਤਾਂ ਅਤੇ ਬੱਚੇ ਸ਼ਾਮਲ ਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
