ਪਾਕਿਸਤਾਨ ’ਚ ਜ਼ਬਰਦਸਤ ਧਮਾਕਾ, 4 ਲੋਕਾਂ ਦੀ ਮੌਤ ਤੇ 10 ਜ਼ਖ਼ਮੀ
Friday, Jan 28, 2022 - 11:17 PM (IST)
ਇਸਲਾਮਾਬਾਦ (ਭਾਸ਼ਾ)-ਪਾਕਿਸਤਾਨ ਦੇ ਅਸ਼ਾਂਤ ਬਲੂਚਿਸਤਾਨ ਸੂਬੇ ’ਚ ਸ਼ੁੱਕਰਵਾਰ ਨੂੰ ਸੜਕ ਕਿਨਾਰੇ ਹੋਏ ਇਕ ਧਮਾਕੇ ’ਚ ਘੱਟੋ-ਘੱਟ 4 ਲੋਕਾਂ ਦੀ ਮੌਤ ਹੋ ਗਈ ਤੇ 10 ਹੋਰ ਜ਼ਖ਼ਮੀ ਹੋ ਗਏ। ਇਹ ਧਮਾਕਾ ਉਸ ਸਮੇਂ ਹੋਇਆ, ਜਦੋਂ ਲੋਕ ਇਕ ਗੱਡੀ ’ਚ ਡੇਰਾ ਬੁਗਤੀ ਜ਼ਿਲ੍ਹੇ ਦੇ ਮਤ ਇਲਾਕੇ ’ਚੋਂ ਲੰਘ ਰਹੇ ਸਨ। ਪੁਲਸ ਨੇ ਦੱਸਿਆ ਕਿ ਧਮਾਕੇ ’ਚ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ 10 ਹੋਰ ਜ਼ਖ਼ਮੀ ਹੋ ਗਏ। ਇਲਾਕੇ ਨਾਲ ਸਬੰਧ ਰੱਖਣ ਵਾਲੇ ਸੈਨੇਟਰ ਸਰਫਰਾਜ਼ ਬੁਗਤੀ ਨੇ ਹਮਲੇ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਧਮਾਕੇ ’ਚ ਮਾਰੇ ਗਏ ਲੋਕਾਂ ’ਚ ਉਨ੍ਹਾਂ ਦਾ ਇਕ ਰਿਸ਼ਤੇਦਾਰ ਵੀ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ ਧਮਾਕੇ ਲਈ ਪਾਬੰਦੀਸ਼ੁਦਾ ਬਲੂਚ ਰਿਪਬਲਿਕਨ ਆਰਮੀ (ਬੀ.ਐੱਲ.ਏ.) ਜ਼ਿੰਮੇਵਾਰ ਹੈ। ਟਵਿੱਟਰ ’ਤੇ ਪੋਸਟ ਕੀਤੇ ਇਕ ਸੰਖੇਪ ਬਿਆਨ ’ਚ ਬੁਗਤੀ ਨੇ ਕਿਹਾ, ‘‘ਪਾਕਿਸਤਾਨ ਦੀਆਂ ਸੂਬਾਈ ਅਤੇ ਸੰਘੀ ਸਰਕਾਰਾਂ ਬੇਕਸੂਰ ਲੋਕਾਂ ਦੀ ਸੁਰੱਖਿਆ ਕਰਨ ’ਚ ਨਾਕਾਮ ਰਹੀਆਂ ਹਨ।
ਇਹ ਵੀ ਪੜ੍ਹੋ : ਵਿਧਾਇਕ ਕੁਲਬੀਰ ਜ਼ੀਰਾ ਨੇ ਬਿਕਰਮ ਮਜੀਠੀਆ ’ਤੇ ਕੀਤਾ ਵੱਡਾ ਹਮਲਾ (ਵੀਡੀਓ)
ਇਸ ਤਰ੍ਹਾਂ ਦੇ ਹਾਲਾਤ ਲੋਕਾਂ ਨੂੰ ਆਪਣੇ ਤੌਰ 'ਤੇ ਕਾਰਵਾਈ ਕਰਨ ਲਈ ਪ੍ਰੇਰਿਤ ਕਰਨਗੇ। ਬਲੂਚਿਸਤਾਨ ਦੇ ਮੁੱਖ ਮੰਤਰੀ ਮੀਰ ਅਬਦੁਲ ਕੁੱਦੁਸ ਬਿਜੈਂਜੋ ਨੇ ਕਿਹਾ ਕਿ ਦੁਸ਼ਮਣਾਂ ਨੇ ਸੂਬੇ ਦੀ ਸ਼ਾਂਤੀ ਨੂੰ ਤਬਾਹ ਕਰਨ ਲਈ ਇਕ ਵਾਰ ਫਿਰ ਦਹਿਸ਼ਤਗਰਦੀ ਦੀ ਕਾਇਰਤਾਪੂਰਨ ਕਾਰਵਾਈ ਕੀਤੀ ਹੈ। ਉਨ੍ਹਾਂ ਕਿਹਾ, ‘‘ਅੱਤਵਾਦੀਆਂ ਨੂੰ ਨਿਆਂ ਦੇ ਕਟਹਿਰੇ ’ਚ ਲਿਆਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਕੁਝ ਦਿਨ ਪਹਿਲਾਂ ਸੂਬੇ ਦੇ ਕੇਚ ਇਲਾਕੇ 'ਚ ਇਕ ਸੁਰੱਖਿਆ ਚੌਕੀ ’ਤੇ ਹਮਲਾ ਹੋਇਆ ਸੀ, ਜਿਸ ’ਚ 10 ਜਵਾਨਾਂ ਦੀ ਮੌਤ ਹੋ ਗਈ ਸੀ।