ਅਮਰੀਕਾ ’ਚ ਵਾਪਰੇ ਭਿਆਨਕ ਹਾਦਸੇ ’ਚ 4 ਭਾਰਤੀ ਜਿਊਂਦੇ ਸੜੇ

Wednesday, Sep 04, 2024 - 01:57 PM (IST)

ਹਿਊਸਟਨ - ਅਮਰੀਕਾ ਦੇ ਟੈਕਸਾਸ 'ਚ ਪਿਛਲੇ ਹਫਤੇ ਹੋਏ ਭਿਆਨਕ ਸੜਕ ਹਾਦਸੇ 'ਚ 4 ਭਾਰਤੀਆਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਹੈਦਰਾਬਾਦ ਦੇ ਕੁਕਟਪੱਲੀ ਉਪਨਗਰ ਦੇ ਆਰੀਅਨ ਰਘੂਨਾਥ ਓਰਾਮਪੱਟੀ, ਉਸ ਦੇ ਦੋਸਤ ਫਾਰੂਕ ਸ਼ੇਖ, ਇਕ ਹੋਰ ਤੇਲਗੂ ਵਿਦਿਆਰਥੀ ਲੋਕੇਸ਼ ਪਾਲਾਚਾਰਲਾ ਅਤੇ ਤਾਮਿਲਨਾਡੂ ਦੇ ਦਰਸ਼ਨੀ ਵਾਸੁਦੇਵ ਵਜੋਂ ਹੋਈ ਹੈ। ਕੋਲਿਨ ਕਾਉਂਟੀ ਸ਼ੈਰਿਫ ਦੇ ਦਫਤਰ ਦੇ ਅਨੁਸਾਰ, ਇਹ ਹਾਦਸਾ ਡਲਾਸ ਨੇੜੇ ਅੰਨਾ ’ਚ ਵ੍ਹਾਈਟ ਸਟ੍ਰੀਟ 'ਤੇ ਉੱਤਰ ਵੱਲ ਜਾਣ ਵਾਲੇ US-75 ਤੋਂ ਥੋੜ੍ਹੀ ਦੂਰੀ 'ਤੇ ਵਾਪਰਿਆ ਅਤੇ ਇਸ ’ਚ 5 ਵਾਹਨ ਸ਼ਾਮਲ ਸਨ। ਜਦਕਿ ਹਿਊਸਟਨ ਡੀਸੀ ’ਚ ਭਾਰਤ ਦੇ ਕੌਂਸਲ ਜਨਰਲ ਮੰਜੂਨਾਥ ਨੇ ਇਸ ਹਾਦਸੇ ’ਚ 4 ਭਾਰਤੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।

ਪੜ੍ਹੋ ਇਹ ਅਹਿਮ ਖ਼ਬਰ-PM ਮੋਦੀ ਨੇ ਸੁਲਤਾਨ ਨਾਲ ਕੀਤੀ ਦੁਵੱਲੀ ਗੱਲਬਾਤ, ਰੱਖਿਆ ਤੇ ਸਮੁੰਦਰੀ ਸਹਿਯੋਗ ਵਧਾਉਣ ਲਈ ਸਹਿਮਤ

ਉਨ੍ਹਾਂ ਕਿਹਾ ਕਿ ਭਾਰਤ ਦਾ ਕੌਂਸਲੇਟ ਜਨਰਲ ਇਸ ਦੁੱਖ ਦੀ ਘੜੀ ’ਚ ਪੀੜਤ ਪਰਿਵਾਰਾਂ ਅਤੇ ਭਾਈਚਾਰਕ ਸੰਸਥਾਵਾਂ ਨਾਲ ਲਗਾਤਾਰ ਸੰਪਰਕ ’ਚ ਹੈ ਅਤੇ ਉਨ੍ਹਾਂ ਨੂੰ ਪੂਰੀ ਮਦਦ ਪ੍ਰਦਾਨ ਕਰ ਰਿਹਾ ਹੈ। ਸ਼ੁਰੂਆਤੀ ਮੀਡੀਆ ਰਿਪੋਰਟਾਂ ਅਤੇ ਚਸ਼ਮਦੀਦਾਂ ਅਨੁਸਾਰ, ਸ਼ੁੱਕਰਵਾਰ ਦੁਪਹਿਰ ਨੂੰ ਜਦੋਂ ਇਹ ਹਾਦਸਾ ਵਾਪਰਿਆ ਤਾਂ ਹਾਈਵੇਅ 'ਤੇ ਇਕ ਐੱਸ.ਯੂ.ਵੀ. ਸਮੇਤ ਵਾਹਨਾਂ ਦੀ ਕਤਾਰ ਲੱਗੀ ਹੋਈ ਸੀ। ਇਸ ਦੌਰਾਨ ਚਸ਼ਮਦੀਦਾਂ ਮੁਤਾਬਕ ਤੇਜ਼ ਰਫਤਾਰ 'ਤੇ ਆ ਰਹੇ ਇਕ ਟਰੱਕ ਨੇ ਕੰਟਰੋਲ ਗੁਆ ਦਿੱਤਾ ਅਤੇ SUV ਦੇ ਪਿਛਲੇ ਹਿੱਸੇ 'ਚ ਜਾ ਟਕਰਾਈ। ਉਨ੍ਹਾਂ ਦੱਸਿਆ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਐੱਸ.ਯੂ.ਵੀ. ਤਿੰਨ ਹੋਰ ਵਾਹਨਾਂ ਨਾਲ ਟਕਰਾ ਗਈ, ਜਿਸ ਕਾਰਨ ਇਸ ’ਚ ਅੱਗ ਲੱਗ ਗਈ ਅਤੇ ਇਸ ’ਚ ਸਵਾਰ 4 ਵਿਅਕਤੀ ਜ਼ਿੰਦਾ ਸੜ ਗਏ।

ਪੜ੍ਹੋ ਇਹ ਅਹਿਮ ਖ਼ਬਰ-PM ਮੋਦੀ ਬਰੂਨੇਈ ਤੋਂ ਸਿੰਗਾਪੁਰ ਲਈ ਰਵਾਨਾ, ਸੁਲਤਾਨ ਦਾ ਕੀਤਾ ਧੰਨਵਾਦ

ਅਧਿਕਾਰੀਆਂ ਮੁਤਾਬਕ ਮ੍ਰਿਤਕਾਂ ਦੀਆਂ ਲਾਸ਼ਾਂ ਬੁਰੀ ਤਰ੍ਹਾਂ ਸੜ ਚੁੱਕੀਆਂ ਸਨ, ਇਸ ਲਈ ਉਨ੍ਹਾਂ ਦੀ ਪਛਾਣ ਕਰਨ 'ਚ ਕਈ ਦਿਨ ਲੱਗ ਗਏ। ਉਨ੍ਹਾਂ ਕਿਹਾ ਕਿ ਇਸ ਹਾਦਸੇ ’ਚ ਕਈ ਲੋਕ ਜ਼ਖ਼ਮੀ ਹੋਏ ਹਨ ਪਰ ਉਨ੍ਹਾਂ ਦੀ ਅਸਲ ਗਿਣਤੀ ਸਪੱਸ਼ਟ ਨਹੀਂ ਹੈ। ਜ਼ਖਮੀਆਂ ਨੂੰ ਗੰਭੀਰ ਸੱਟਾਂ ਨਹੀਂ ਲੱਗੀਆਂ। ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ 'ਚ ਮਾਰੇ ਗਏ ਓਰਮਪੱਟੀ ਅਤੇ ਸ਼ੇਖ ਡਲਾਸ 'ਚ ਕਿਸੇ ਰਿਸ਼ਤੇਦਾਰ ਨੂੰ ਮਿਲਣ ਤੋਂ ਬਾਅਦ ਵਾਪਸ ਆ ਰਹੇ ਸਨ, ਜਦੋਂ ਕਿ ਪਾਲਾਚਾਰਲਾ ਆਪਣੀ ਪਤਨੀ ਨੂੰ ਮਿਲਣ ਲਈ ਬੈਂਟਨਵਿਲੇ ਜਾ ਰਹੇ ਸਨ। ਉਸੇ ਸਮੇਂ ਟੈਕਸਾਸ ਯੂਨੀਵਰਸਿਟੀ ਤੋਂ ਪੋਸਟ ਗ੍ਰੈਜੂਏਟ ਦਰਸ਼ਿਨੀ ਆਪਣੇ ਚਾਚੇ ਨੂੰ ਮਿਲਣ ਅਰਕਨਸਾਸ ਜਾ ਰਹੀ ਸੀ।

ਜਨਰਲ ਕੌਂਸਲ ਮੰਜੂਨਾਥ ਨੇ ਕਿਹਾ, “ਦਰਸ਼ਨੀ ਦੇ ਚਾਚਾ ਰਾਮਾਨੁਜਮ ਅਰਕਨਸਾਸ ਦੇ ਬੈਂਟਨਵਿਲੇ ’ਚ ਰਹਿੰਦੇ ਹਨ, ਤੇ ਉਹ ਉਸ ਨੂੰ ਮਿਲਣ ਜਾ ਰਹੀ ਸੀ। ਦਰਸ਼ਨੀ ਨੇ ਹਾਲ ਹੀ ’ਚ ਆਪਣੀ ਪੋਸਟ ਗ੍ਰੈਜੂਏਸ਼ਨ ਪੂਰੀ ਕੀਤੀ ਹੈ ਅਤੇ ਫਰਿਸਕੋ, ਡਲਾਸ ’ਚ ਨੌਕਰੀ ਸ਼ੁਰੂ ਕੀਤੀ ਹੈ। ਉਸਨੇ ਕਿਹਾ, “ਹੋਰ ਦੋ ਮ੍ਰਿਤਕ - ਓਰਾਮਪੱਟੀ ਅਤੇ ਸ਼ੇਖ ਨੇ ਹਾਲ ਹੀ ’ਚ ਟੈਕਸਾਸ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਸੀ। ਸ਼ੇਖ ਬਿਜ਼ਨੈੱਸ ਐਨਾਲਿਟਿਕਸ ’ਚ ਐੱਮ.ਐੱਸ. ਕਰ ਰਿਹਾ ਸੀ, ਜਦੋਂ ਕਿ ਓਰਮਪੱਟੀ ਵਿੱਤ ’ਚ ਐੱਮ.ਐੱਸ. ਕਰ ਰਿਹਾ ਸੀ। ਪਾਲਾਚਾਰਲਾ, ਜੋ ਗੱਡੀ ਚਲਾ ਰਿਹਾ ਸੀ, ਡਲਾਸ ’ਚ ਇਕ ਕੰਪਨੀ ’ਚ ਕੰਮ ਕਰਦਾ ਸੀ। ਹਾਦਸੇ ਤੋਂ ਬਾਅਦ ਅਮਰੀਕਾ ’ਚ ਭਾਰਤੀ ਭਾਈਚਾਰੇ ਖਾਸ ਕਰ ਕੇ ਤੇਲਗੂ ਭਾਈਚਾਰੇ ’ਚ ਸੋਗ ਦੀ ਲਹਿਰ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Sunaina

Content Editor

Related News