4 ਨਵੇਂ ਪੁਲਾੜ ਯਾਤਰੀ ISS ''ਤੇ ਪਹੁੰਚੇ ! ਕੇਪ ਕੈਨਾਵੇਰਲ ਤੋਂ ਹੋਏ ਸੀ ਰਵਾਨਾ

Monday, Feb 16, 2026 - 11:54 AM (IST)

4 ਨਵੇਂ ਪੁਲਾੜ ਯਾਤਰੀ ISS ''ਤੇ ਪਹੁੰਚੇ ! ਕੇਪ ਕੈਨਾਵੇਰਲ ਤੋਂ ਹੋਏ ਸੀ ਰਵਾਨਾ

ਇੰਟਰਨੈਸ਼ਨਲ ਡੈਸਕ- ਸਿਹਤ ਸਬੰਧੀ ਚਿੰਤਾਵਾਂ ਕਾਰਨ ਸਮੇਂ ਤੋਂ ਪਹਿਲਾਂ ਧਰਤੀ ’ਤੇ ਵਾਪਸ ਲਿਆਂਦੇ ਗਏ ਸਾਥੀਆਂ ਦੀ ਜਗ੍ਹਾ ਲੈਣ ਲਈ 4 ਨਵੇਂ ਪੁਲਾੜ ਯਾਤਰੀ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈ.ਐੱਸ.ਐੱਸ.) ’ਤੇ ਪਹੁੰਚ ਗਏ ਹਨ। ਸਪੇਸਐਕਸ ਨੇ ਸ਼ਨੀਵਾਰ ਨੂੰ ਅਮਰੀਕੀ, ਫਰਾਂਸੀਸੀ ਅਤੇ ਰੂਸੀ ਪੁਲਾੜ ਯਾਤਰੀਆਂ ਦੇ ਦਲ ਨੂੰ ਕੇਪ ਕੈਨਾਵੇਰਲ ਤੋਂ ਰਵਾਨਾ ਕੀਤਾ ਅਤੇ ਇਕ ਦਿਨ ਬਾਅਦ ਇਹ ਪੁਲਾੜ ਯਾਤਰੀ ਆਪਣੀ ਮੰਜ਼ਿਲ ’ਤੇ ਪਹੁੰਚ ਗਏ। 

ਪਿਛਲੇ ਮਹੀਨੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ‘ਨਾਸਾ’ ਨੇ ਸਿਹਤ ਸਬੰਧੀ ਸਮੱਸਿਆਵਾਂ ਕਾਰਨ ਪੁਲਾੜ ਯਾਤਰੀਆਂ ਨੂੰ ਉੱਥੋਂ ਕੱਢਿਆ ਸੀ, ਜੋ ਕਿ 65 ਸਾਲਾਂ ਦੇ ਮਨੁੱਖੀ ਪੁਲਾੜ ਉਡਾਣ ਦੇ ਇਤਿਹਾਸ ਵਿਚ ਪਹਿਲਾ ਮਾਮਲਾ ਸੀ। ਪਿਛਲੇ ਸਾਲ ਗਰਮੀਆਂ ’ਚ ਸਪੇਸਐਕਸ ਨੇ 4 ਪੁਲਾੜ ਯਾਤਰੀਆਂ ਨੂੰ ਰਵਾਨਾ ਕੀਤਾ ਸੀ, ਜਿਨ੍ਹਾਂ ’ਚੋਂ ਇਕ ਨੂੰ ਗੰਭੀਰ ਸਿਹਤ ਸਮੱਸਿਆ ਹੋ ਗਈ ਸੀ ਅਤੇ ਇਸ ਕਾਰਨ ਉਨ੍ਹਾਂ ਨੂੰ ਜਲਦੀ ਵਾਪਸ ਪਰਤਣਾ ਪਿਆ ਸੀ।

ਇਸ ਕਾਰਨ ਪੁਲਾੜ ਮੁਹਿੰਮ ਲਈ ਸਿਰਫ਼ 3 ਹੀ ਮੈਂਬਰ ਬਚੇ ਸਨ- 1 ਅਮਰੀਕੀ ਅਤੇ 2 ਰੂਸੀ। ਇਸ ਹਾਲਾਤ ’ਚ ਨਾਸਾ ਨੂੰ ਪੁਲਾੜ ਵਿਚ ਚਹਿਲਕਦਮੀ (ਸਪੇਸ ਵਾਕ) ਅਤੇ ਆਪਣੀ ਮੁਹਿੰਮ ਰੋਕਣੀ ਪਈ ਸੀ। ਹੁਣ ਨਾਸਾ ਦੀ ਜੈਸਿਕਾ ਮੀਰ ਅਤੇ ਜੈਕ ਹੈਥਵੇ, ਫ੍ਰਾਂਸ ਦੀ ਸੋਫੀ ਐਡੇਨੋਟ ਅਤੇ ਰੂਸ ਦੇ ਆਂਦਰੇਈ ਫੇਡਿਆਯੇਵ 8 ਤੋਂ 9 ਮਹੀਨੇ ਪੁਲਾੜ ’ਚ ਰਹਿਣਗੇ। ਸਮੁੰਦਰੀ ਜੀਵ ਵਿਗਿਆਨੀ ਮੀਰ ਅਤੇ ਸਾਬਕਾ ਫੌਜੀ ਪਾਇਲਟ ਫੇਡਿਆਯੇਵ ਪਹਿਲਾਂ ਵੀ ਪੁਲਾੜ ’ਚ ਰਹਿ ਚੁੱਕੇ ਹਨ।


author

Harpreet SIngh

Content Editor

Related News