ਆਸਟ੍ਰੇਲੀਆ : ਪੰਜਾਬੀਆਂ ਦਾ ਪਿੰਡ ਕਹੇ ਜਾਂਦੇ ਕਾਫਸ ਹਾਰਬਰ ਵਿਖੇ 34ਵੀਆਂ 'ਸਿੱਖ ਖੇਡਾਂ' ਸ਼ੁਰੂ
Friday, Apr 15, 2022 - 04:39 PM (IST)
ਸਿਡਨੀ (ਸਨੀ/ਖ਼ੁਰਦ/ਸੈਣੀ): ਅੱਜ ਆਸਟ੍ਰੇਲੀਆ ਦੇ ਵਿੱਚ ਪੰਜਾਬੀਆਂ ਦੇ ਪਿੰਡ ਕਹੇ ਜਾਣ ਵਾਲੇ ਕਾਫਸ ਹਾਰਬਰ (ਵੂਲਗੂਲਗਾ) ਵਿਖੇ 34ਵੀਆਂ ਸਿੱਖ ਖੇਡਾਂ ਦਾ ਸ਼ਾਨੋ-ਸ਼ੌਕਤ ਨਾਲ ਆਗਾਜ਼ ਹੋਇਆ। ਆਸਟ੍ਰੇਲੀਆ ਅਤੇ ਨਿਊਜੀਲੈਂਡ ਦੇ ਕੋਨੇ-ਕੋਨੇ ਤੋਂ ਪਹੁੰਚੇ ਪੰਜਾਬੀਆਂ ਦੀ ਕਾਫਸ ਹਾਰਬਰ ਦੀ ਰੌਣਕ ਦੂਜੇ ਪੰਜਾਬ ਦੀ ਝਲਕ ਪਾ ਰਹੀ ਹੈ। ਇਸ ਦੌਰਾਨ ਸ਼ਾਮ ਦੀ ਹੋਈ ਮੀਟਿੰਗ ਵਿੱਚ ਪ੍ਰਬੰਧਕਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ 15,16,17, ਅਪ੍ਰੈਲ ਨੂੰ ਹੋਣ ਜਾ ਰਹੀਆਂ ਖੇਡਾਂ ਦੇ ਪੂਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
ਉਹਨਾਂ ਕਿਹਾ ਕਿ ਸੀ ਐਕਸ ਇੰਟਰਨੈਸ਼ਨਲ ਸਟੇਡੀਅਮ ਕਾਫਸ ਹਾਰਬਰ ਵਿਖੇ ਹੋਣ ਜਾ ਰਹੀਆਂ ਖੇਡਾਂ ਵਿੱਚ ਪਹੁੰਚ ਰਹੇ ਪੰਜਾਬੀਆਂ ਦਾ ਧੰਨਵਾਦ। ਉਹਨਾਂ ਦੱਸਿਆ ਕਿ ਸ਼ੁੱਕਰਵਾਰ ਸਵੇਰੇ 8 ਵਜੇ ਗੇਮਾਂ ਦਾ ਆਗਾਜ਼ ਹੋਣ ਤੋਂ ਬਾਅਦ ਖਿਡਾਰੀਆਂ ਵੱਲੋ ਆਪਣੀ ਖੇਡ ਦੇ ਜੌਹਰ ਦਿਖਾਏ ਗਏ। ਕਬੱਡੀ ਅਤੇ ਹੋਰਾਂ ਗੇਮਾਂ ਵਿੱਚ ਭਾਗ ਲੈ ਖਿਡਾਰੀਆਂ ਨੇ ਮੇਲੇ ਦੀ ਰੌਣਕ ਨੂੰ ਵਧਾਇਆ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਸ ਵਾਰ ਦਾ ਮੇਲਾ ਕਾਫ਼ੀ ਵੱਡਾ ਹੋਣ ਦੀ ਉਮੀਦ ਹੈ ਕਿਉਂਕਿ ਕੋਰੋਨਾ ਤੋ ਬਾਅਦ ਇਹ ਮੇਲਾ ਹੋ ਰਿਹਾ ਹੈ ਜਿਸ ਕਰਕੇ ਪੰਜਾਬੀਆਂ ਦੀ ਸ਼ਮੂਲੀਅਤ ਵੱਧ ਰਹੀ ਹੈ, ਜਿਸ ਨਾਲ ਪ੍ਰਬੰਧਕਾਂ ਦਾ ਉਤਸ਼ਾਹ ਵੀ ਦੁੱਗਣ ਹੋ ਰਿਹਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਸਿੰਗਾਪੁਰ 'ਚ ਸਿੱਖਾਂ ਨੇ ਮਨਾਈ ਵਿਸਾਖੀ, ਸਿੱਖ ਸਟੱਡੀਜ਼ 'ਚ ਪ੍ਰੋਫੈਸਰਸ਼ਿਪ ਦੀ ਸ਼ੁਰੂਆਤ
ਉਹਨਾਂ ਦੱਸਿਆ ਕਿ ਸ਼ਾਮ ਨੂੰ ਪ੍ਰਬੰਧਕਾਂ ਵੱਲੋਂ ਕੱਲ੍ਹ ਦੇ ਪ੍ਰੋਗਰਾਮ ਲਈ ਮੀਟਿੰਗ ਕੀਤੀ ਗਈ ਅਤੇ ਖੇਡ ਪ੍ਰਬੰਧਾਂ 'ਤੇ ਚਰਚਾ ਕੀਤੀ ਗਈ। ਨੈਸ਼ਨਲ ਕਮੇਟੀ ਦੇ ਪ੍ਰਧਾਨ ਸਰਬਜੋਤ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਵਾਰ ਦਰਸ਼ਕਾਂ ਅਤੇ ਪ੍ਰਬੰਧਕਾਂ ਵਿੱਚ ਦੁੱਗਣਾ ਉਤਸ਼ਾਹ ਹੈ। ਸਾਨੂੰ ਉਮੀਦ ਹੈ ਕਿ ਵਾਹਿਗੁਰੂ ਇਸ ਸਾਲ ਨੂੰ ਯਾਦਗਾਰੀ ਬਣਾਵੇਗਾ। ਉੱਧਰ ਸ਼ਨੀਵਾਰ ਸ਼ਾਮ ਨੂੰ ਪੰਜਾਬ ਦੇ ਉੱਘੇ ਗਾਇਕ ਹਰਜੀਤ ਹਰਮਨ ਵੱਲੋ ਵੀ ਆਪਣੀ ਕਲਾ ਦਾ ਜਾਦੂ ਬਿਖੇਰਿਆ ਜਾਵੇਗਾ ਅਤੇ ਐਤਵਾਰ ਦੁਪਹਿਰ 3:00 ਵਜੇ ਇਨਾਮਾਂ ਦੀ ਵੰਡ ਕੀਤੀ ਜਾਵੇਗੀ। ਇਸ ਮੌਕੇ ਰੁਪਿੰਦਰ ਬਰਾੜ,ਗੁਰਦਿਆਲ ਸਿੰਘ ਰਾਏ, ਹਰਿੰਦਰ ਸਿੰਘ ਸੋਹੀ, ਅਮਨਦੀਪ ਸਿੰਘ ਸਿੱਧੂ, ਮਨਜੀਤ ਬੋਪਾਰਾਏ, ਪਰਦੀਪ ਪਾਂਗਲੀ, ਨਵਦੀਪ ਪਾਂਗਲੀ, ਮਾਈਕਲ ਅਤੇ ਸੁਲੱਖਣ ਸਿੰਘ ਸਮੇਤ ਸਾਬੀ ਘੁੰਮਣ ਵੀ ਮੌਜੂਦ ਸਨ।