ਬੰਗਲਾਦੇਸ਼ ਦੇ ਰੋਹਿੰਗਿਆ ਸ਼ਰਨਾਰਥੀ ਕੈਂਪਾਂ ’ਚ ਹਰ ਸਾਲ ਜਨਮ ਲੈ ਰਹੇ 30,000 ਬੱਚੇ, ਸੰਕਟ ਵਧਿਆ

Tuesday, Aug 29, 2023 - 10:54 AM (IST)

ਬੰਗਲਾਦੇਸ਼ ਦੇ ਰੋਹਿੰਗਿਆ ਸ਼ਰਨਾਰਥੀ ਕੈਂਪਾਂ ’ਚ ਹਰ ਸਾਲ ਜਨਮ ਲੈ ਰਹੇ 30,000 ਬੱਚੇ, ਸੰਕਟ ਵਧਿਆ

ਢਾਕਾ (ਅਨਸ)– ਬੰਗਲਾਦੇਸ਼ ਦੇ ਰੋਹਿੰਗਿਆ ਸ਼ਰਨਾਰਥੀ ਕੈਂਪਾਂ ਵਿਚ ਸੰਕਟ ਵਧ ਰਿਹਾ ਹੈ। ਵਿਦੇਸ਼ ਸਕੱਤਰ ਮਸੂਦ ਬਿਨ ਮੋਮੇਨ ਨੇ ਦੱਸਿਆ ਕਿ ਰੋਹਿੰਗਿਆ ਦੀ ਆਬਾਦੀ ਹਰ ਸਾਲ ਲਗਭਗ 30,000 ਨਵਜੰਮੇ ਬੱਚਿਆਂ ਨਾਲ ਵਧ ਰਹੀ ਹੈ। ਇਸ ਸੰਕਟ ਨਾਲ ਨਜਿੱਠਣ ਲਈ ਬੰਗਲਾਦੇਸ਼ ਇਸ ਸਾਲ ਦੇ ਅਖੀਰ ਵਿਚ ਰੋਹਿੰਗਿਆ ਸ਼ਰਨਾਰਥੀਆਂ ਨੂੰ ਸੁਰੱਖਿਅਤ ਤੇ ਸਵੈ-ਇਛੁੱਕ ਢੰਗ ਨਾਲ ਉਨ੍ਹਾਂ ਦੀ ਮਾਤ-ਭੂਮੀ ਮਿਆਂਮਾਰ ਵਾਪਸ ਭੇਜਣ ਦੀ ਤਿਆਰੀ ਕਰ ਰਿਹਾ ਹੈ। ਪਹਿਲੇ ਪੜਾਅ ਵਿਚ ਲਗਭਗ 1000 ਰੋਹਿੰਗਿਆ ਨੂੰ ਮਿਆਂਮਾਰ ਭੇਜਿਆ ਜਾਵੇਗਾ।

ਮੋਮੇਨ ਨੇ ਦੱਸਿਆ ਕਿ ਅਸੀਂ 3000 ਤੋਂ ਵੱਧ ਰੋਹਿੰਗਿਆ ਦੀ ਸੂਚੀ ਤਿਆਰ ਕੀਤੀ ਹੈ ਜਿਨ੍ਹਾਂ ਵਿਚੋਂ ਅਸੀਂ ਦਸੰਬਰ ਦੇ ਆਸ-ਪਾਸ 1000 ਨੂੰ ਮਿਆਂਮਾਰ ਵਾਪਸ ਭੇਜਣ ਦੀ ਉਮੀਦ ਕਰ ਰਹੇ ਹਾਂ। ਉਨ੍ਹਾਂ ਦੱਸਿਆ ਕਿ ਬੰਗਲਾਦੇਸ਼ ਦਾ ਇਕ ਵਫਦ ਅਗਲੇ ਮਹੀਨੇ ਮਿਆਂਮਾਰ ਦਾ ਦੌਰਾ ਕਰਨ ਵਾਲਾ ਹੈ, ਜਦੋਂਕਿ ਮਿਆਂਮਾਰ ਦੀ ਇਕ ਟੀਮ ਸ਼ਰਨਾਰਥੀਆਂ ਨਾਲ ਗੱਲ ਕਰਨ ਲਈ ਜਲਦੀ ਹੀ ਬੰਗਲਾਦੇਸ਼ ਆਏਗੀ। ਮਿਆਂਮਾਰ ਤੋਂ ਉੱਜੜੇ 10 ਲੱਖ ਤੋਂ ਵੱਧ ਰੋਹਿੰਗਿਆ ਇਸ ਵੇਲੇ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਤੋਂ ਲਗਭਗ 300 ਕਿ. ਮੀ. ਦੱਖਣ-ਪੂਰਬ ਵਿਚ ਕਾਕਸ ਬਾਜ਼ਾਰ ਦੇ ਕੁਟੁਪਾਲੋਂਗ ਤੇ ਨਯਾਪਾਰਾ ਸ਼ਰਨਾਰਥੀ ਕੈਂਪਾਂ ਵਿਚ ਰਹਿ ਰਹੇ ਹਨ ਜੋ ਦੁਨੀਆ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਸੰਘਣੀ ਆਬਾਦੀ ਵਾਲੇ ਕੈਂਪਾਂ ਵਿਚੋਂ ਹਨ। ਮੌਜੂਦਾ ਸ਼ਰਨਾਰਥੀ ਆਬਾਦੀ ਕਾਕਸ ਬਾਜ਼ਾਰ ਦੀ ਕੁਲ ਆਬਾਦੀ ਦਾ ਇਕ-ਤਿਹਾਈ ਹੈ। 2021 ਤੋਂ ਕਾਕਸ ਬਾਜ਼ਾਰ ਵਿਚ 33 ਕੈਂਪਾਂ ’ਚ ਭੀੜ ਘੱਟ ਕਰਨ ਲਈ ਬੰਗਲਾਦੇਸ਼ ਸਰਕਾਰ ਵਲੋਂ ਲਗਭਗ 30,000 ਸ਼ਰਨਾਰਥੀਆਂ ਨੂੰ ਭਾਸਨ ਚਾਰ ਟਾਪੂ ਵਿਚ ਟਰਾਂਸਫਰ ਕੀਤਾ ਗਿਆ ਹੈ।


author

cherry

Content Editor

Related News