ਸਕਾਟਲੈਂਡ ’ਚ ਕੋਰੋਨਾ ਦੇ 285 ਨਵੇਂ ਕੇਸ ਆਏ ਸਾਹਮਣੇ, 6 ਮੌਤਾਂ

Saturday, Apr 10, 2021 - 03:17 PM (IST)

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਸਕਾਟਲੈਂਡ ’ਚ ਪਿਛਲੇ 24 ਘੰਟਿਆਂ ’ਚ ਕੋਵਿਡ-19 ਦੇ 285 ਨਵੇਂ ਕੇਸ ਸਾਹਮਣੇ ਆਏ ਹਨ। ਸਕਾਟਿਸ਼ ਸਰਕਾਰ ਦੇ ਅੰਕੜਿਆਂ  ਅਨੁਸਾਰ ਇਸ ਅਰਸੇ ਦੌਰਾਨ ਇਥੇ ਛੇ ਮੌਤਾਂ ਵੀ ਹੋਈਆਂ ਹਨ। ਇਸ ਸਬੰਧੀ ਹਾਲ ਹੀ ’ਚ ਪੁਸ਼ਟੀ ਕੀਤੇ ਗਏ ਕੋਵਿਡ ਕੇਸਾਂ ’ਚੋਂ ਕੁੱਲ 20 ਵਿਅਕਤੀ ਗੰਭੀਰ ਦੇਖਭਾਲ ’ਚ ਹਨ, ਜਦਕਿ 168 ਲੋਕ ਹਸਪਤਾਲ ’ਚ ਦਾਖਲ ਹਨ। ਵਾਇਰਸ ਸਬੰਧੀ ਅੰਕੜਿਆਂ ਅਨੁਸਾਰ 20,720 ਨਵੇਂ ਟੈਸਟ ਕੀਤੇ ਗਏ ਹਨ, ਜਿਨ੍ਹਾਂ ’ਚੋਂ 1.6 ਫੀਸਦੀ ਪਾਜ਼ੇਟਿਵ ਹਨ।

ਇਸ ਦੌਰਾਨ ਹੀ ਟੀਕਾਕਰਨ ਮੁਹਿੰਮ ਦੇ ਸਬੰਧ ’ਚ ਜਨਤਕ ਸਿਹਤ ਵਿਭਾਗ ਸਕਾਟਲੈਂਡ ਅਨੁਸਾਰ ਦੇਸ਼ ’ਚ 2,625,577 ਲੋਕਾਂ ਨੇ ਕੋਵਿਡ-19 ਦੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਹੈ, ਜਦਕਿ ਤਕਰੀਬਨ 5,24,812 ਲੋਕਾਂ ਨੇ ਟੀਕੇ ਦੀ ਦੂਜੀ ਖੁਰਾਕ ਪ੍ਰਾਪਤ ਕੀਤੀ ਹੈ। ਇਸ ਦੇ ਨਾਲ ਹੀ ਸਕਾਟਲੈਂਡ ’ਚ ਤਾਲਾਬੰਦੀ ਵਿਚ ਪੜਾਅਵਾਰ ਢਿੱਲ ਦਿੱਤੀ ਜਾ ਰਹੀ ਹੈ, ਜਿਸ ਦੇ ਤਹਿਤ ਗਲਾਸਗੋ ਲਾਈਫ ਨੇ ਆਪਣੀਆਂ 90 ਥਾਵਾਂ ਤੋਂ ਵੱਧ ’ਤੇ ਸ਼ੁਰੂਆਤ ਕਰਨ ਦੀਆਂ ਤਰੀਕਾਂ ਦਾ ਐਲਾਨ ਕੀਤਾ ਹੈ ਅਤੇ ਕਈ ਹੋਰ ਸਥਾਨ, ਜਿਵੇਂ ਕਿ ਕੇਲਵਿੰਗਰੋਵ ਆਰਟ ਗੈਲਰੀ ਅਤੇ ਅਜਾਇਬਘਰ, ਰਿਵਰਸਾਈਡ ਅਜਾਇਬਘਰ ਅਤੇ ਐਮੀਰਾਤ ਅਰੇਨਾ ਆਦਿ ਸਥਾਨ ਸੋਮਵਾਰ 26 ਅਪ੍ਰੈਲ ਨੂੰ ਮੁੜ ਖੁੱਲ੍ਹਣਗੇ।

ਇਸ ਤੋਂ ਇਲਾਵਾ ਮਿਸ਼ੇਲ ਲਾਇਬ੍ਰੇਰੀ, ਉਸ ਦੇ ਅਗਲੇ ਦਿਨ ਲੋਕਾਂ ਦਾ ਫਿਰ ਤੋਂ ਸਵਾਗਤ ਕਰੇਗੀ ਅਤੇ ਹਿਲਹੈੱਡ ਲਾਇਬ੍ਰੇਰੀ, ਲਿਨ ਪਾਰਕ ਐਡਵੈਂਚਰ ਪਲੇਅਗ੍ਰਾਊਂਡ ਅਤੇ ਗਲਾਸਗੋ ਬੀ. ਐੱਮ. ਐਕਸ ਸੈਂਟਰ ਵਰਗੀਆਂ ਹੋਰ ਸਾਈਟਾਂ ਵੀ ਅਗਲੇ ਹਫ਼ਤਿਆਂ ’ਚ ਖੋਲ੍ਹੀਆਂ ਜਾਣਗੀਆਂ। ਸਰਕਾਰ ਅਨੁਸਾਰ ਸਮਾਜਕ ਦੂਰੀ ਕਾਰਨ ਯਾਤਰੀਆਂ ਦੀ ਗਿਣਤੀ ਸੀਮਤ ਰਹੇਗੀ, ਹਾਲਾਂਕਿ ਸਕਾਟਲੈਂਡ ਦੀ ਸਰਕਾਰ ਦੀ ਰਹਿਨੁਮਾਈ ਅਨੁਸਾਰ ਕਈ ਲਾਇਬ੍ਰੇਰੀਆਂ ਅਤੇ ਬਾਹਰੀ ਖੇਡ ਸਥਾਨ ਪਹਿਲਾਂ ਹੀ ਖੁੱਲ੍ਹ ਗਏ ਹਨ।


Anuradha

Content Editor

Related News