ਫਿਲਪੀਨਜ਼ : ਬੰਬ ਧਮਾਕਿਆਂ 'ਚ 27 ਲੋਕਾਂ ਦੀ ਮੌਤ ਤੇ 77 ਜ਼ਖਮੀ
Sunday, Jan 27, 2019 - 01:44 PM (IST)
ਮਨੀਲਾ(ਏਜੰਸੀ)— ਫਿਲਪੀਨਜ਼ 'ਚ ਦੱਖਣੀ ਪੱਛਮੀ ਸੁਲੂ ਦੇ ਜੋਲੋ ਸਥਿਤ ਇਕ ਚਰਚ 'ਚ ਐਤਵਾਰ ਸਵੇਰੇ ਦੋ ਭਿਆਨਕ ਬੰਬ ਧਮਾਕੇ ਹੋਏ, ਜਿਨ੍ਹਾਂ 'ਚ ਘੱਟ ਤੋਂ ਘੱਟ 27 ਲੋਕਾਂ ਦੀ ਮੌਤ ਹੋ ਗਈ ਅਤੇ 77 ਹੋਰ ਜ਼ਖਮੀ ਹੋ ਗਏ। ਸ਼ੁਰੂਆਤੀ ਰਿਪੋਰਟ 'ਚ ਦੱਸਿਆ ਗਿਆ ਕਿ ਧਮਾਕੇ ਸਥਾਨਕ ਸਮੇਂ ਮੁਤਾਬਕ ਸਵੇਰੇ 8 ਵਜੇ ਹੋਇਆ। ਇਸ ਤੋਂ ਕੁਝ ਹੀ ਦੇਰ ਬਾਅਦ ਚਰਚ 'ਚ ਪ੍ਰਾਰਥਨਾ ਸਭਾ ਹੋਣੀ ਸੀ। ਜ਼ਖਮੀਆਂ 'ਚੋਂ ਵਧੇਰੇ ਚਰਚ ਆਉਣ ਵਾਲੇ ਲੋਕ ਹੀ ਹਨ। ਫਿਲਪੀਨਜ਼ ਦੀ ਸੁਰੱਖਿਆ ਫੌਜ ਮਾਮਲੇ ਦੀ ਜਾਂਚ ਕਰ ਰਹੀ ਹੈ।

ਰਿਪੋਰਟਾਂ ਮੁਤਾਬਕ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਫੌਜ ਨੇ ਹੁਣ ਤਕ ਇਸ ਧਮਾਕੇ ਨਾਲ ਜੁੜੀਆਂ ਜਾਣਕਾਰੀਆਂ ਰਸਮੀ ਤੌਰ 'ਤੇ ਜਾਰੀ ਨਹੀਂ ਕੀਤੀਆਂ। ਲੈਫਟੀਨੈਂਟ ਕਰਨਲ ਬੇਸਨਾ ਮੁਤਾਬਕ ਇਹ ਧਮਾਕੇ ਅੱਤਵਾਦ ਨਾਲ ਜੁੜੇ ਹਨ। ਇਹ ਹੁਣ ਤਕ ਦਾ ਸਭ ਤੋਂ ਵੱਡਾ ਅੱਤਵਾਦੀ ਹਮਲਾ ਮੰਨਿਆ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਮਿੰਦਨਾਓ 'ਚ ਮੁਸਲਮਾਨਾਂ ਲਈ ਕਾਨੂੰਨ 'ਬੈਂਗਸਾਮੋਰੋ ਆਰਗੈਨਿਕ ਲਾਅ' ਨੂੰ ਜੋਲੋ ਵਲੋਂ ਖਾਰਜ ਕੀਤੇ ਜਾਣ ਦੇ ਬਾਅਦ ਇਹ ਧਮਾਕੇ ਹੋਏ। ਜੋਲੋ ਨੇ ਸੋਮਵਾਰ ਨੂੰ ਹੋਈ ਰਾਇਸ਼ੁਮਾਰੀ 'ਚ ਇਸ ਕਾਨੂੰਨ ਨੂੰ ਖਾਰਜ ਕਰ ਦਿੱਤਾ ਸੀ ਪਰ ਦੂਜੇ ਮੁਸਲਿਮ ਬਹੁਲ ਸੂਬਿਆਂ ਦਾ ਸਮਰਥਨ ਮਿਲਣ ਕਾਰਨ ਇਸ ਕਾਨੂੰਨ ਨੂੰ ਭਾਰੀ ਵੋਟਾਂ ਨਾਲ ਮਨਜ਼ੂਰੀ ਮਿਲ ਗਈ।ਅਧਿਕਾਰੀਆਂ ਦਾ ਕਹਿਣਾ ਹੈ ਕਿ ਕਈ ਲੋਕ ਗੰਭੀਰ ਜ਼ਖਮੀ ਹਨ, ਇਸ ਲਈ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ।
