ਭਾਰਤੀ ਮੂਲ ਦੇ ਦੋ ਮਸ਼ਹੂਰ ਅਮਰੀਕੀ ਬਿਡੇਨ ਦੇ ''ਮੁੱਖ ਸਲਾਹਕਾਰਾਂ'' ''ਚ ਸ਼ਾਮਲ
Friday, Oct 30, 2020 - 05:24 PM (IST)
ਨਿਊਯਾਰਕ (ਭਾਸ਼ਾ) : ਭਾਰਤੀ ਮੂਲ ਦੇ ਦੋ ਮਸ਼ਹੂਰ ਅਮਰੀਕੀ ਸ਼ਖਸ ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋ ਬਿਡੇਨ ਦੇ 'ਮੁੱਖ ਸਲਾਹਕਾਰਾਂ' ਵਿਚ ਸ਼ਾਮਲ ਹਨ ਜੋ ਕੋਰੋਨਾ ਵਾਇਰਸ ਮਹਾਮਾਰੀ 'ਚ ਉਨ੍ਹਾਂ ਨੂੰ ਸਲਾਹ ਦਿੰਦੇ ਹਨ। ਇਕ ਮੀਡੀਆ ਰਿਪੋਰਟ 'ਚ ਇਹ ਗੱਲ ਕਹੀ ਗਈ ਹੈ। ਨਿਊਯਾਰਕ ਟਾਈਮਸ ਦੀ ਇਸ ਰਿਪੋਰਟ 'ਚ ਕਿਹਾ ਗਿਆ ਹੈ ਕਿ ਮਹਾਮਾਰੀ 'ਤੇ ਉਨ੍ਹਾਂ ਨੂੰ ਸਲਾਹ ਦੇਣ ਵਾਲਿਆਂ 'ਚ ਅਮਰੀਕਾ ਦੇ ਸਾਬਕਾ ਸਰਜਨ ਜਨਰਲ ਡਾ. ਵਿਵੇਕ ਮੂਰਤੀ ਸ਼ਾਮਲ ਹਨ।
ਮੂਰਤੀ ਦੀ ਨਿਯੁਕਤੀ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਕੀਤੀ ਸੀ ਉਥੇ ਹੀ ਬਿਡੇਨ ਨੂੰ ਆਰਥਿਕ ਮੁੱਦਿਆਂ ਦੀ ਜਾਣਕਾਰੀ ਹਾਰਵਰਡ ਦੇ ਅਰਥਸ਼ਾਸਤਰੀ ਰਾਜ ਚੈੱਟੀ ਦੇ ਰਹੇ ਹਨ। ਮੂਰਤੀ ਤੇ ਖੁਰਾਕ ਅਤੇ ਡਰੱਗ ਪ੍ਰਸ਼ਾਸਨ ਦੇ ਸਾਬਕਾ ਪ੍ਰਮੁੱਖ ਡੈਵਿਡ ਕੇਸਲਰ ਉਨ੍ਹਾਂ ਲੋਕਾਂ 'ਚ ਸ਼ਾਮਲ ਹਨ ਜੋ ਬਿਡੇਨ ਪ੍ਰਚਾਰ ਮੁਹਿੰਮ ਵਲੋਂ ਕੀਤੀ ਗਈ ਇਕ ਕਾਨਫਰੰਸ ਕਾਲ 'ਤੇ ਸਨ, ਤਾਂ ਹੀ ਇਸ ਗੱਲ ਦਾ ਪਤਾ ਲੱਗਾ ਸੀ ਕਿ ਸੀਨੇਟਰ ਕਮਲਾ ਹੈਰਿਸ ਨਾਲ ਯਾਤਰਾ ਕਰਨ ਵਾਲੇ ਦੋ ਲੋਕਾਂ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਡਾ. ਮੂਰਤੀ ਅਤੇ ਡਾ. ਕੇਸਲਰ ਮੈਡੀਕਲ ਖੇਤਰ ਦੇ ਦੋ ਮਹਾਰਥੀ ਹਨ ਜਿਨ੍ਹਾਂ ਤੋਂ ਜਨ ਸਿਹਤ ਸੰਕਟ ਦੇ ਸਮੇਂ ਬਿਡੇਨ ਨੇ ਸਲਾਹ ਲਈ ਸੀ।