ਆਸਟ੍ਰੇਲੀਆਈ ਸੂਬਿਆਂ ਨੇ 40 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਐਸਟ੍ਰਾਜ਼ੇਨੇਕਾ ਦਾ ਟੀਕਾ ਨਾ ਲਗਵਾਉਣ ਦੀ ਦਿੱਤੀ ਸਲਾਹ
Wednesday, Jun 30, 2021 - 04:42 PM (IST)
ਕੈਨਬਰਾ (ਭਾਸ਼ਾ) : ਕੁਈਨਜ਼ਲੈਂਡ ਅਤੇ ਪੱਛਮੀ ਆਸਟ੍ਰੇਲੀਆ ਸੂਬਿਆਂ ਦੀਆਂ ਸਰਕਾਰਾਂ ਨੇ ਬੁੱਧਵਾਰ ਨੂੰ 40 ਸਾਲ ਤੋਂ ਘੱਟ ਉਮਰ ਦੇ ਲੋਕਾ ਨੂੰ ਐਸਟ੍ਰਾਜ਼ੇਨੇਕਾ ਦਾ ਟੀਕਾ ਨਾ ਲਗਵਉਣ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਨਾਲ ਖ਼ੂਨ ਦਾ ਥੱਕਾ ਜੰਮਣ ਦਾ ਜੋਖ਼ਮ ਹੈ। ਹਾਲਾਂਕਿ ਆਸਟ੍ਰੇਲੀਆ ਦੀ ਸਰਕਾਰ ਸਾਰਿਆਂ ਲਈ ਐਸਟ੍ਰਾਜ਼ੇਨੇਕਾ ਟੀਕਿਆਂ ਦੀ ਖ਼ੁਰਾਕ ਉਪਬਲੱਧ ਕਰਵਾ ਰਹੀ ਹੈ।
ਆਸਟ੍ਰੇਲੀਆ ਦੇ ਦੋਵਾਂ ਸੂਬਿਆਂ ਦੀ ਸਲਾਹ ਬ੍ਰਿਟੇਨ ਦੀ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਆਧਾਰਿਤ ਹੈ, ਉਥੇ ਹੀ ਸੰਘੀ ਸਰਕਾਰ ਨੇ ਫਾਈਜ਼ਰ ਟੀਕੇ ਦੀ ਘਾਟ ਦਾ ਜ਼ਿਕਰ ਕਰਦੇ ਹੋਏ ਰਾਸ਼ਟਰੀ ਪੱਧਰ ’ਤੇ ਟੀਕਾਕਰਨ ਦੀ ਰਫ਼ਤਾਰ ਨੂੰ ਤੇਜ਼ ਕਰਨ ਦੀ ਜ਼ਰੂਰਤ ਦੱਸੀ ਹੈ। ਸੰਘੀ ਅਤੇ ਸੂਬਾ ਸਰਕਾਰਾਂ ਵਿਚਾਲੇ ਇਸ ਟਕਰਾਅ ਨਾਲ ਸ਼ੱਕ ਦੀ ਸਥਿਤੀ ਪੈਦਾ ਹੋ ਗਈ ਹੈ। ਆਸਟ੍ਰੇਲੀਆ ਦੀ ਕਰੀਬ ਅੱਧੀ ਆਬਾਦੀ ਕੁਈਨਜ਼ਲੈਂਡ, ਪੱਛਮੀ ਆਸਟ੍ਰੇਲੀਆ, ਨਿਊ ਸਾਊਥ ਵੇਲਜ਼ ਅਤੇ ਉਤਰੀ ਟੈਰੀਟਰੀ ਵਿਚ ਰਹਿੰਦੀ ਹੈ। ਆਸਟ੍ਰੇਲੀਆਈ ਨਾਗਰਿਕਾਂ ਕੋਲ ਟੀਕੇ ਦੇ ਸਿਰਫ਼ 2 ਬਦਲ ਹਨ ਅਤੇ ਸਥਾਨਕ ਰੂਪ ਨਾਲ ਬਣਾਏ ਜਾ ਰਹੇ ਐਸਟ੍ਰਾਜ਼ੇਨੇਕਾ ਟੀਕੇ ਦੀ ਜ਼ਿਆਦਾ ਮਾਤਰਾ ਉਪਲਬੱਧ ਹੈ।