ਯਮਨ ''ਚ 1.6 ਕਰੋੜ ਲੋਕ ਭੁੱਖਮਰੀ ਦੀ ਕਗਾਰ ''ਤੇ ਹਨ : ਸੰਯੁਕਤ ਰਾਸ਼ਟਰ
Thursday, Sep 23, 2021 - 06:12 PM (IST)
ਸੰਯੁਕਤ ਰਾਸ਼ਟਰ (ਏਪੀ): ਸੰਯੁਕਤ ਰਾਸ਼ਟਰ ਦੀ ਖਾਧ ਏਜੰਸੀ ਦੇ ਮੁਖੀ ਨੇ ਚੇਤਾਵਨੀ ਦਿੱਤੀ ਹੈ ਕਿ ਯਮਨ 'ਚ 1.6 ਕਰੋੜ ਲੋਕ “ਭੁੱਖਮਰੀ ਦੇ ਕੰਢੇ” 'ਤੇ ਹਨ। ਜੇਕਰ ਏਜੰਸੀ ਨੂੰ ਦੁਬਾਰਾ ਫੰਡ ਪ੍ਰਾਪਤ ਨਹੀਂ ਹੋਏ ਤਾਂ ਫਿਰ ਅਕਤੂਬਰ ਵਿੱਚ ਯੁੱਧਗ੍ਰਸਤ ਦੇਸ਼ ਦੇ ਲੱਖਾਂ ਲੋਕਾਂ ਦੇ ਰਾਸ਼ਨ ਵਿਚ ਕੱਟੌਤੀ ਕੀਤੀ ਜਾਵੇਗੀ। ਡੇਵਿਡ ਬੀਸਲੇ ਨੇ ਬੁੱਧਵਾਰ ਨੂੰ ਯਮਨ ਦੇ ਮਾਨਵਤਾਵਾਦੀ ਸੰਕਟ 'ਤੇ ਇੱਕ ਉੱਚ ਪੱਧਰੀ ਮੀਟਿੰਗ ਵਿਚ ਕਿਹਾ ਕਿ ਇਸ ਸਾਲ ਦੀ ਸ਼ੁਰੂਆਤ ਵਿਚ ਜਦੋਂ ਵਿਸ਼ਵ ਖਾਧ ਪ੍ਰੋਗਰਾਮ ਵਿਚ ਫੰਡ ਦੀ ਕਮੀ ਹੋ ਰਹੀ ਸੀ ਤਾਂ ਅਮਰੀਕਾ, ਜਰਮਨੀ, ਸੰਯੁਕਤ ਅਰਬ ਅਮੀਰਾਤ, ਸਾਊਦੀ ਅਰਬ ਅਤੇ ਹੋਰ ਦਾਨੀ ਅੱਗੇ ਆਏ ਸਨ ਅਤੇ ਇਸ ਮਦਦ ਨਾਲ ਅਸੀਂ ਅਕਾਲ ਅਤੇ ਬਿਪਤਾ ਨੂੰ ਟਾਲਣ ਦੇ ਯੋਗ ਹੋ ਗਏ।''
ਉਨ੍ਹਾਂ ਨੇ ਕਿਹਾ ਕਿ ਵਿਸ਼ਵ ਖਾਧ ਪ੍ਰੋਗਰਾਮ ਨੂੰ ਫਿਰ ਤੋਂ ਫੰਡਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਬਿਨਾਂ ਫੰਡ ਦੇ ਅਕਤੂਬਰ ਵਿੱਚ 32 ਲੱਖ ਅਤੇ ਦਸੰਬਰ ਤੱਕ 50 ਲੱਖ ਲੋਕਾਂ ਦੇ ਰਾਸ਼ਨ ਵਿਚ ਕਟੌਤੀ ਕੀਤੀ ਜਾਵੇਗੀ। ਮਾਰਚ ਵਿੱਚ ਇੱਕ ਵਰਚੁਅਲ ਕਾਨਫਰੰਸ ਵਿੱਚ ਸੰਯੁਕਤ ਰਾਸ਼ਟਰ ਦੇ ਸੱਕਤਰ-ਜਨਰਲ ਐਂਟੋਨੀਓ ਗੁਤਾਰੇਸ ਨੇ ਇਸ ਸਾਲ ਯਮਨ ਲਈ 3.85 ਅਰਬ ਡਾਲਰ ਦੀ ਸਹਾਇਤਾ ਦੀ ਅਪੀਲ ਕੀਤੀ ਸੀ ਪਰ ਦਾਨੀਆਂ ਨੇ ਸਿਰਫ 1.7 ਅਰਬ ਡਾਲਰ ਦਾ ਵਾਅਦਾ ਕੀਤਾ ਸੀ, ਜਿਸ ਨੂੰ ਸੰਯੁਕਤ ਰਾਸ਼ਟਰ ਮੁਖੀ ਨੇ “ਨਿਰਾਸ਼ਾਜਨਕ” ਦੱਸਿਆ ਸੀ।
ਪੜ੍ਹੋ ਇਹ ਅਹਿਮ ਖਬਰ -ਇਟਲੀ 'ਚ ਨਿਰੰਤਰ ਵੱਧ ਰਹੀ 'ਮਹਿੰਗਾਈ' ਆਮ ਲੋਕ ਲਈ ਬਣ ਰਹੀ ਮੁਸੀਬਤ
ਯੂਰਪੀਅਨ ਯੂਨੀਅਨ ਮੁਤਾਬਕ, ਸੰਯੁਕਤ ਰਾਸ਼ਟਰ ਮਹਾਸਭਾ ਦੇ ਸਾਲਾਨਾ ਸੈਸ਼ਨ ਦੌਰਾਨ ਬੁੱਧਵਾਰ ਨੂੰ ਇੱਕ ਉੱਚ ਪੱਧਰੀ ਬੈਠਕ ਵਿੱਚ ਲਗਭਗ 60 ਕਰੋੜ ਡਾਲਰ ਇਕੱਠੇ ਕੀਤੇ ਗਏ ਸਨ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਯਮਨ ਲਈ 29 ਕਰੋੜ ਡਾਲਰ ਦੀ ਵਾਧੂ ਮਾਨਵਤਾਵਾਦੀ ਸਹਾਇਤਾ ਦਾ ਐਲਾਨ ਕੀਤਾ ਹੈ। ਉੱਧਰ ਯੂਰਪੀਅਨ ਯੂਨੀਅਨ ਨੇ ਕਿਹਾ ਹੈ ਕਿ ਉਹ ਲਗਭਗ 139 ਮਿਲੀਅਨ ਡਾਲਰ ਦੀ ਮਾਨਵਤਾਵਾਦੀ ਅਤੇ ਵਿਕਾਸ ਸਹਾਇਤਾ ਪ੍ਰਦਾਨ ਕਰੇਗਾ।