ਸਿਰਫ ਸਾਢੇ 4 ਮਹੀਨੇ 'ਚ ਪੈਦਾ ਹੋਏ ਮਾਸੂਮ ਨੇ ਜਿੱਤੀ ਜ਼ਿੰਦਗੀ ਦੀ ਜੰਗ, ਬਣਿਆ ਵਰਲਡ ਰਿਕਾਰਡ
Monday, Jun 21, 2021 - 12:18 PM (IST)
ਵਾਸ਼ਿੰਗਟਨ (ਬਿਊਰੋ): ਕਿਸੇ ਨੇ ਸੱਚ ਹੀ ਕਿਹਾ ਹੈ ਕਿ ਜਿਸ 'ਤੇ ਰੱਬ ਦੀ ਮਿਹਰ ਹੋਵੇ, ਉਹ ਹਰ ਮੁਸ਼ਕਲ ਹਾਲਾਤ ਪਾਰ ਕਰ ਜਾਂਦਾ ਹੈ। ਅਜਿਹਾ ਹੀ ਇਕ ਮਾਮਲਾ ਅਮਰੀਕਾ ਦਾ ਸਾਹਮਣਾ ਆਇਆ ਹੈ। ਇੱਥੇ ਸਮੇਂ ਤੋਂ 131 ਦਿਨ ਪਹਿਲਾਂ ਇਕ ਬੱਚਾ ਪੈਦਾ ਹੋਇਆ ਜਿਸ ਦਾ ਵਜ਼ਨ ਸਿਰਫ 338 ਗ੍ਰਾਮ ਸੀ। ਇਹ ਮਾਸੂਮ ਦੁਨੀਆ ਵਿਚ ਪੈਦਾ ਹੋਏ ਕਿਸੇ ਵੀ ਪ੍ਰੀਮੈਚਓਰ ਮਤਲਬ ਸਮੇਂ ਤੋਂ ਪਹਿਲਾਂ ਜਨਮੇ ਬੱਚੇ ਨਾਲੋਂ ਸਭ ਤੋਂ ਘੱਟ ਵਜ਼ਨੀ ਸੀ।ਡਾਕਟਰਾਂ ਨੂੰ ਬੱਚੇ ਦੇ ਬਚਣ ਦੀ ਆਸ ਸਿਰਫ 0 ਫੀਸਦੀ ਸੀ ਪਰ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਅਤੇ ਲੋਕਾਂ ਦੇ ਅੰਦਾਜ਼ਿਆਂ ਨੂੰ ਹਰਾਉਂਦੇ ਹੋਏ ਇਸ ਮਾਸੂਮ ਨੇ ਜ਼ਿੰਦਗੀ ਦੀ ਜੰਗ ਜਿੱਤ ਲਈ।
ਹੁਣ ਇਹ ਮਾਸੂਮ ਇਕ ਸਾਲ ਦਾ ਹੋ ਚੁੱਕਾ ਹੈ। ਅਮਰੀਕਾ ਵਿਚ ਪੈਦਾ ਹੋਏ ਇਸ ਬੱਚੇ ਦਾ ਨਾਮ ਰਿਚਰਡ ਸਕੌਟ ਵਿਲੀਅਮ ਹਚਿੰਸਨ ਹੈ। ਬੱਚੇ ਨੇ ਸਨੀਵਾਰ ਨੂੰ ਆਪਣਾ ਪਹਿਲਾ ਜਨਮਦਿਨ ਮਨਾਇਆ। ਰਿਚਰਡ ਦੁਨੀਆ ਦਾ ਪਹਿਲਾ ਬੱਚਾ ਹੈ ਜਿਸ ਦਾ ਜਨਮ 270 ਦਿਨਾਂ (9 ਮਹੀਨੇ) ਦੀ ਬਜਾਏ ਸਿਰਫ 139 ਦਿਨਾਂ ਮਤਲਬ ਸਾਢੇ ਚਾਰ ਮਹੀਨੇ ਵਿਚ ਹੋਇਆ। ਇਸ ਕਾਰਨ ਰਿਚਰਡ ਦਾ ਨਾਮ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿਚ ਵੀ ਦਰਜ ਹੈ। ਰਿਚਰਡ ਦੇ ਮਾਤਾ-ਪਿਤਾ ਦੱਸਦੇ ਹਨ ਕਿ ਉਹਨਾਂ ਦੇ ਬੇਟੇ ਨੇ ਸਾਰੀਆਂ ਸਰੀਰਕ ਮੁਸ਼ਕਲਾਂ ਨੂੰ ਪਾਰ ਕਰ ਲਿਆ ਹੈ।ਰਿਚਰਡ ਹੁਣ ਹੋਰ ਬੱਚਿਆਂ ਦੀ ਤਰ੍ਹਾਂ ਸਧਾਰਨ ਅਤੇ ਸਿਹਤਮੰਦ ਹੈ।
ਪਿਤਾ ਰਿਕ ਕਹਿੰਦੇ ਹਨ ਕਿ ਉਹਨਾਂ ਨੂੰ ਪਤਾ ਸੀ ਕਿ ਰਿਚਰਡ ਦੇ ਜ਼ਿੰਦਗੀ ਦੇ ਪਹਿਲੇ ਕੁਝ ਹਫ਼ਤੇ ਬਹੁਤ ਮੁਸ਼ਕਲ ਹੋਣਗੇ ਪਰ ਵਿਸ਼ਵਾਸ ਸੀ ਕਿ ਉਹ ਸਾਰੀਆਂ ਮੁਸ਼ਕਲਾਂ ਨੂੰ ਪਾਰ ਕਰ ਜਾਵੇਗਾ ਅਤੇ ਬਚ ਜਾਵੇਗਾ। ਮਾਂ ਬੇਥ ਨੇ ਕਿਹਾ,''ਕੋਰੋਨਾ ਕਾਰਨ ਰਿਚਰਡ ਨੂੰ ਪਰੇਸ਼ਾਨੀ ਤੋਂ ਉਭਰਨ ਵਿਚ ਮਦਦ ਮਿਲੀ।ਉਹ ਸਾਡੇ 'ਤੇ ਭਰੋਸਾ ਕਰ ਰਿਹਾ ਸੀ। ਹਸਪਤਾਲ ਵਿਚ 6 ਮਹੀਨੇ ਰਹਿਣ ਮਗਰੋਂ ਰਿਚਰਡ ਨੂੰ ਪਹਿਲੀ ਵਾਰ 20 ਦਸੰਬਰ 2020 ਨੂੰ ਘਰ ਲਿਆਂਦਾ ਗਿਆ। ਉਸ ਦਿਨ ਘਰ ਦੇ ਪੰਘੂੜੇ ਵਿਚ ਰਿਚਰਡ ਨੂੰ ਦੇਖ ਕੇ ਉਹਨਾਂ ਦੀਆਂ ਅੱਖਾਂ ਵਿਚ ਹੰਝੂ ਆ ਗਏ ਸਨ।
ਪੜ੍ਹੋ ਇਹ ਅਹਿਮ ਖਬਰ- ਅੰਤਰਰਾਸ਼ਟਰੀ ਯੋਗਾ ਦਿਵਸ : ਯੋਗਾ ਪ੍ਰੋਗਰਾਮ 'ਚ ਸ਼ਾਮਲ ਹੋਏ 100 ਤੋਂ ਵੱਧ ਚੀਨੀ ਨਾਗਰਿਕ
ਮਾਤਾ-ਪਿਤਾ ਨੇ ਜਤਾਈ ਖੁਸ਼ੀ
ਰਿਚਰਡ ਦੇ ਮਾਤਾ-ਪਿਤਾ ਕਹਿੰਦੇ ਹਨ ਕਿ ਸਾਨੂੰ ਹੈਰਾਨੀ ਅਤੇ ਖੁਸ਼ੀ ਹੈ ਕਿ ਰਿਚਰਡ ਨੇ ਵਰਲਡ ਰਿਕਾਰਡ ਬਣਾਇਆ ਹੈ। ਅੱਜ ਰਿਚਰਡ ਦੀ ਕਹਾਣੀ ਪੂਰੀ ਦੁਨੀਆ ਜਾਣ ਰਹੀ ਹੈ। ਇਸ ਨਾਲ ਉਹਨਾਂ ਮਾਤਾ-ਪਿਤਾ ਨੂੰ ਵੀ ਮਦਦ ਮਿਲੇਗੀ ਜਿਹਨਾਂ ਦੇ ਬੱਚੇ ਸਮੇਂ ਤੋਂ ਪਹਿਲਾਂ ਪੈਦਾ ਹੋਏ ਹਨ। ਗਿਨੀਜ਼ ਬੁੱਕ ਮੁਤਾਬਕ ਰਿਚਰਡ ਦਾ ਸਰੀਰ ਇੰਨਾ ਜ਼ਿਆਦਾ ਛੋਟਾ ਸੀ ਕਿ ਉਸ ਦੇ ਮਾਤਾ-ਪਿਤਾ ਉਸ ਨੂੰ ਇਕ ਹਥੇਲੀ ਵਿਚ ਵੀ ਫੜ ਸਕਦੇ ਸਨ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।