ਚੀਨ ''ਚ ਜ਼ਹਿਰੀਲਾ ਭੋਜਨ ਖਾਣ ਨਾਲ 120 ਵਿਦਿਆਰਥੀ ਹੋਏ ਬੀਮਾਰ
Wednesday, Sep 06, 2017 - 01:08 PM (IST)

ਬੀਜਿੰਗ— ਪੂਰਬੀ ਚੀਨ 'ਚ ਜਿਆਂਗਸੀ ਸੂਬੇ ਦੇ ਛੋਟੇ ਬੱਚਿਆਂ ਵਾਲੇ 3 ਸਕੂਲਾਂ (ਕਿੰਡਰਗਾਰਟਨ) 'ਚ ਜ਼ਹਰੀਲਾ ਭੋਜਨ ਖਾਣ ਨਾਲ ਤਕਰੀਬਨ 120 ਬੱਚੇ ਬੀਮਾਰ ਪੈ ਗਏ। ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ। ਨਾਨਚਾਂਗ ਸਿੱਖਿਆ ਵਿਭਾਗ ਨੇ ਅੱਜ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਸੂਬੇ ਦੇ ਸਰਕਾਰੀ ਹਸਪਤਾਲ 'ਚ ਘੱਟ ਤੋਂ ਘੱਟ 120 ਬੱਚਿਆਂ ਦਾ ਮੈਡੀਕਲ ਟੈੱਸਟ ਕੀਤਾ ਗਿਆ।
ਚੀਨ ਦੀ ਸਰਕਾਰੀ ਸਮਾਚਾਰ ਏਜੰਸੀ ਮੁਤਾਬਕ 36 ਬੱਚਿਆਂ ਨੂੰ ਹਸਪਤਾਲ 'ਚ ਭਰਤੀ ਕੀਤਾ ਗਿਆ ਜਦ ਕਿ 62 ਬੱਚਿਆਂ ਨੂੰ ਮੈਡੀਕਲ ਦੇਖ-ਰੇਖ 'ਚ ਰੱਖਿਆ ਗਿਆ ਅਤੇ 22 ਬੱਚਿਆਂ ਨੂੰ ਇਲਾਜ ਮਗਰੋਂ ਹਸਪਤਾਲ ਤੋਂ ਛੁੱਟੀ ਦਿੱਤੀ ਗਈ। ਖਬਰ ਮੁਤਾਬਕ ਦੁਪਹਿਰ ਸਮੇਂ ਸਕੂਲ ਤੋਂ ਘਰ ਵਾਪਸ ਜਾਂਦਿਆਂ ਹੀ ਬੱਚਿਆਂ ਨੂੰ ਉਲਟੀਆਂ ਅਤੇ ਪੇਟ ਦਰਦ ਦੀਆਂ ਸਮੱਸਿਆਵਾਂ ਹੋਣ ਲੱਗੀਆਂ। ਰਿਪੋਰਟ 'ਚ ਕਿਹਾ ਗਿਆ ਕਿ ਨਗਰਪਾਲਿਕਾ ਦੇ ਸਿਹਤ ਅਤੇ ਸਿੱਖਿਆ ਵਿਭਾਗ, ਸਥਾਨਕ ਖਾਧ ਤੇ ਦਵਾ ਪ੍ਰਸ਼ਾਸਨ ਅਤੇ ਪੁਲਸ ਮਿਲ ਕੇ ਇਸ ਘਟਨਾ ਦੀ ਜਾਂਚ ਕਰ ਰਹੀਆਂ ਹਨ।