ਸਰਸੀਣੀ ਝੀਲ ’ਚੋਂ ਮਿਲੀ ਲਾਪਤਾ ਵਿਦਿਆਰਥੀ ਦੀ ਲਾਸ਼
Wednesday, Jul 23, 2025 - 02:18 PM (IST)

ਲਾਲੜੂ (ਗੁਰਜੀਤ) : ਲਾਲੜੂ ਮੰਡੀ ਤੋਂ ਲਾਪਤਾ ਹੋਏ 15 ਸਾਲਾ ਵਿਦਿਆਰਥੀ ਦੀ ਸਰਸੀਣੀ ਪਿੰਡ ਦੀ ਨਕਲੀ ਝੀਲ ’ਚ ਡੁੱਬਣ ਨਾਲ ਮੌਤ ਹੋ ਗਈ। ਉਹ ਦੋ ਦਿਨਾਂ ਤੋਂ ਲਾਪਤਾ ਸੀ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ’ਚ 8ਵੀਂ ਦਾ ਵਿਦਿਆਰਥੀ ਸੀ। ਸੋਮਵਾਰ ਸਵੇਰੇ ਸਕੂਲ ਜਾਣ ਦੀ ਬਜਾਏ ਉਹ ਝੀਲ ’ਤੇ ਪਹੁੰਚਿਆ ਤੇ ਪੈਰ ਫਿਸਲਣ ਕਾਰਨ ਡੁੱਬ ਗਿਆ। ਉਸਦੀ ਲਾਸ਼ ਅਗਲੇ ਦਿਨ ਪਾਣੀ ’ਚ ਮਿਲੀ। ਲਾਲੜੂ ਪੁਲਸ ਨੇ ਬੀ.ਐੱਨ.ਐੱਸ. 194 ਤਹਿਤ ਕਾਰਵਾਈ ਕੀਤੀ ਹੈ।
ਜਾਂਚ ਅਧਿਕਾਰੀ ਏ. ਐੱਸ. ਆਈ. ਜਗਤਾਰ ਸਿੰਘ ਨੇ ਦੱਸਿਆ ਕਿ ਵਿਸ਼ਾਲ ਕੁਮਾਰ ਵਾਸੀ ਵਾਰਡ 4 ਹਰਦੇਵ ਨਗਰ ਲਾਲੜੂ ਮੰਡੀ ਸੋਮਵਾਰ ਸਵੇਰੇ ਸਕੂਲ ਗਿਆ ਸੀ ਪਰ ਸਕੂਲ ਨਹੀਂ ਪਹੁੰਚਿਆ। ਸਕੂਲ ਵਾਲਿਆਂ ਨੇ ਘਰ ’ਚ ਸੂਚਨਾ ਦਿੱਤੀ ਪਰ ਜਦੋਂ ਵਿਸ਼ਾਲ ਸ਼ਾਮ ਨੂੰ ਵੀ ਘਰ ਨਹੀਂ ਪਹੁੰਚਿਆ ਤਾਂ ਪੁਲਸ ਨੂੰ ਉਸਦੇ ਲਾਪਤਾ ਹੋਣ ਦੀ ਸੂਚਨਾ ਦਿੱਤੀ ਗਈ।
ਅਗਲੇ ਦਿਨ ਕਰੀਬ 11 ਵਜੇ ਸਰਸੀਣੀ ਦੇ ਸਰਪੰਚ ਨੇ ਫ਼ੋਨ ਕਰਕੇ ਦੱਸਿਆ ਕਿ ਵਰਦੀ ਪਹਿਨੇ ਬੱਚੇ ਦੀ ਲਾਸ਼ ਝੀਲ ’ਚ ਤੈਰਦੀ ਮਿਲੀ ਹੈ। ਉਸ ਦੇ ਜੁੱਤੇ ਝੀਲ ਦੇ ਵਿਚਕਾਰ ਜਾਂਦੇ ਪੁਲ ’ਤੇ ਮਿਲੇ ਸਨ। ਹਾਲਾਂਕਿ ਬੈਗ ਨਹੀਂ ਮਿਲਿਆ। ਬੱਚੇ ਦੀ ਪਛਾਣ ਉਸਦੀ ਸਕੂਲ ਵਰਦੀ ਤੋਂ ਹੋਈ। ਉਸਦਾ ਪਿਤਾ ਨਿੱਜੀ ਫੈਕਟਰੀ ’ਚ ਕੰਮ ਕਰਦਾ ਹੈ। ਵਿਸ਼ਾਲ ਦੋ ਭਰਾਵਾਂ ’ਚੋਂ ਸਭ ਤੋਂ ਵੱਡਾ ਸੀ। ਡੇਰਾਬਸੀ ਸਿਵਲ ਹਸਪਤਾਲ ’ਚ ਉਸਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਵਾਰਸਾਂ ਨੂੰ ਸੌਂਪ ਦਿੱਤੀ ਗਈ।