ਸਾਊਥਾਲ ''ਚ ਪੰਜਾਬੀ ਨੌਜਵਾਨ ਨੂੰ ਬੇਰਹਿਮੀ ਨਾਲ ਕਤਲ ਕਰਨ ਵਾਲੇ ਗੈਂਗ ਮੈਂਬਰਾਂ ਨੂੰ ਹੋਈ 104 ਸਾਲ ਦੀ ਸਜ਼ਾ

Saturday, Jun 23, 2018 - 04:18 PM (IST)

ਸਾਊਥਾਲ ''ਚ ਪੰਜਾਬੀ ਨੌਜਵਾਨ ਨੂੰ ਬੇਰਹਿਮੀ ਨਾਲ ਕਤਲ ਕਰਨ ਵਾਲੇ ਗੈਂਗ ਮੈਂਬਰਾਂ ਨੂੰ ਹੋਈ 104 ਸਾਲ ਦੀ ਸਜ਼ਾ

ਲੰਡਨ (ਰਾਜਵੀਰ ਸਮਰਾ)- ਇਕ ਗੈਂਗ ਜਿਸਨੇ ਸਾਊਥਾਲ ਨੇੜੇ ਇਕ ਵਿਅਕਤੀ 'ਤੇ ਤਲਵਾਰਾਂ, ਹਥੌੜੇ ਅਤੇ ਬੇਸਬੈਟ ਤੇ ਹੋਰ ਮਾਰੂ ਹਥਿਆਰਾਂ ਦੀ ਮਦਦ ਨਾਲ ਹਮਲਾ ਕਰ ਦਿੱਤਾ ਸੀ ਅਤੇ ਉਸ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ, ਨੂੰ ਕੁੱਲ 104 ਸਾਲ ਦੀ ਸਜ਼ਾ ਸੁਣਾਈ ਗਈ ਹੈ। ਸੁਖਜਿੰਦਰ ਸਿੰਘ ਗੁਰੀ ਉਰਫ਼ ਗੁਰਜਿੰਦਰ ਸਿੰਘ ਦੀ ਮੌਤ ਵਿਚ ਪੰਜ ਲੋਕ ਸ਼ਾਮਲ ਸਨ। ਇਸ ਘਟਨਾ ਨੂੰ 30 ਜੁਲਾਈ 2016 ਨੂੰ ਸਾਊਥਾਲ ਵਿਚ ਸਪਾਇਕਸ ਬ੍ਰਿਜ ਰੋਡ 'ਤੇ ਅੰਜਾਮ ਦਿੱਤਾ ਗਿਆ ਸੀ।
PunjabKesari
ਇਸੇ ਕਤਲ ਮਾਮਲੇ 'ਚ ਓਲਡ ਬੈਲੀ ਅਦਾਲਤ ਲੰਡਨ ਵਲੋਂ ਅੱਜ 5 ਪੰਜਾਬੀਆਂ ਨੂੰ ਸਜ਼ਾ ਸੁਣਾਈ ਗਈ| ਅਦਾਲਤ ਨੂੰ ਦੱਸਿਆ ਗਿਆ ਕਿ 30 ਜੁਲਾਈ 2016 ਨੂੰ ਸੁਖਜਿੰਦਰ ਸਿੰਘ 'ਤੇ ਦੋ ਕਾਰਾਂ 'ਚ ਆਏ ਨਕਾਬਪੋਸ਼ ਵਿਅਕਤੀਆਂ ਵਲੋਂ ਕਿਰਪਾਨਾਂ ਅਤੇ ਚਾਕੂਆਂ ਤੇ ਹੋਰ ਮਾਰੂ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ, ਜਿਸ ਕਾਰਨ ਸੁਖਜਿੰਦਰ ਦੀ ਮੌਤ ਹੋ ਗਈ| ਸੁਖਜਿੰਦਰ ਦੇ ਸਰੀਰ 'ਤੇ ਤਕਰੀਬਨ 48 ਵਾਰ ਕੀਤੇ ਗਏ ਸਨ| ਸੁਖਜਿੰਦਰ ਨੇ ਆਪਣੇ ਬਚਾਅ ਵਿਚ ਆਪਣੀਆਂ ਬਾਂਹਾਂ ਫੈਲਾਈਆਂ, ਜਿਸ ਨਾਲ ਉਸ ਦੀਆਂ ਦੋ ਉਂਗਲਾਂ ਵੀ ਕੱਟੀਆਂ ਗਈਆਂ ਸਨ| ਸਰਕਾਰੀ ਵਕੀਲ ਨੇ ਅਦਾਲਤ 'ਚ ਦੱਸਿਆ ਕਿ ਇਹ ਬਹੁਤ ਹੀ ਬੇਰਹਿਮੀ ਨਾਲ ਕੀਤਾ ਗਿਆ ਕਤਲ ਸੀ, ਜਿਹੜੇ ਲੋਕਾਂ ਨੇ ਕਤਲ ਕੀਤਾ, ਉਹ ਕਤਲ ਦੇ ਇਰਾਦੇ ਨਾਲ ਹੀ ਆਏ ਸਨ| ਇਸ ਕਤਲ ਕੇਸ 'ਚ ਸਾਊਥਾਲ ਦੇ ਅਮਨਦੀਪ ਸੰਧੂ (30) ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ, ਜਿਸ ਨੂੰ ਘੱਟੋ-ਘੱਟ 26 ਸਾਲ 6 ਮਹੀਨੇ ਜੇਲ੍ਹ 'ਚ ਰਹਿਣਾ ਹੋਵੇਗਾ, ਇਸ ਦੇ ਨਾਲ ਹੀ ਉਸ ਨੂੰ ਅਪਰਾਧੀ ਦੀ ਸਹਾਇਤਾ ਲਈ 5 ਸਾਲ ਹੋਰ ਜੇਲ ਦੀ ਸਜ਼ਾ ਸੁਣਾਈ ਗਈ| ਵੈਸਟ ਮਿਡਲੈਂਡ ਦੇ ਟਿਪਟਨ ਦੇ ਰਵਿੰਦਰ ਸਿੰਘ ਸ਼ੇਰਗਿੱਲ (31) ਨੂੰ ਵੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ, ਜਿਸ ਨੂੰ ਘੱਟੋ-ਘੱਟ 26 ਸਾਲ 9 ਮਹੀਨੇ ਜੇਲ੍ਹ ਵਿਚ ਰਹਿਣਾ ਹੋਵੇਗਾ, ਜਦੋਂ ਕਿ ਸਾਊਥਾਲ ਵਾਸੀ ਵਿਸ਼ਾਲ ਸੋਭਾ (30)  ਨੂੰ 16 ਸਾਲ ਅਤੇ ਅਪਰਾਧੀ ਦੀ ਮਦਦ ਕਰਨ ਲਈ 5 ਸਾਲ ਦੀ ਸਜ਼ਾ ਸੁਣਾਈ ਗਈ। ਵੈਸਟ ਲੰਡਨ ਦੇ ਨੌਰਥਹੋਲਟ ਦੇ ਕੁਲਦੀਪ ਸਿੰਘ ਢਿੱਲੋਂ (27) ਨੂੰ ਕਤਲ ਦੇ ਦੋਸ਼ 'ਚ 16 ਸਾਲ ਅਤੇ ਅਪਰਾਧੀ ਦੀ ਮਦਦ ਕਰਨ ਲਈ 3 ਸਾਲ ਹੋਰ ਕੈਦ ਦੀ ਸਜ਼ਾ ਸੁਣਾਈ ਗਈ ਹੈ, ਜਦੋਂ ਕਿ ਪਲਵਿੰਦਰ ਮੁਲਤਾਨੀ (36) ਜਿਸ ਨੇ ਪਹਿਲਾਂ ਹੀ ਕਤਲ ਦਾ ਦੋਸ਼ ਕਬੂਲ ਕਰ ਲਿਆ ਸੀ ਅਤੇ ਸਰਕਾਰੀ ਗਵਾਹ ਬਣ ਗਿਆ ਸੀ, ਨੂੰ 5 ਸਾਲ 9 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਹੈ।


Related News